ਮਜੀਠਾ ਵਿਧਾਨ ਹਲਕੇ ਦੇ ਚੋਣ ਅਧਿਕਾਰੀ-ਕਮ-ਐੱਸਡੀਐੱਮ ਮਜੀਠਾ ਡਾ: ਹਰਨੂਰ ਕੌਰ ਢਿੱਲੋ ਵੱਲੋਂ ਆਗਾਮੀ ਲੋਕ ਸਭਾ ਚੋਣਾ ਦੇ ਐਲਾਨ ਮਗਰੋਂ ਤੁਰੰਤ ਪ੍ਰਭਾਵ ਨਾਲ ਵਿਧਾਨ ਸਭਾ ਹਲਕਾ ਮਜੀਠਾ ਵਿਚ ਮੁੱਖ ਚੋਣ ਕਮਿਸ਼ਨਰ ਭਾਰਤ ਸਰਕਾਰ ਅਤੇ ਮੁੱਖ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਚੋਣ ਅਮਲ ਨਿਰਪੱਖ ਤੇ ਭੈ ਮੁਕਤ ਸਿਰੇ ਚੜ੍ਹਾਉਣ ਲਈ ਅਤੇ ਆਦਰਸ਼ ਚੋਣ ਜ਼ਾਬਤੇ ਨੂੰ ਇੰਨ-ਬਿੰਨ ਲਾਗੂ ਕਰਵਾਉਣ ਲਈ ਸਬ ਡਵੀਜ਼ਨ ਮਜੀਠਾ ਅਧੀਨ ਆਉਂਦੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਮੁਖੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਐੱਸਡੀਐੱਮ ਕੰਪਲੈਕਸ ਮਜੀਠਾ ਵਿਖੇ ਹੋਈ।
ਮੀਟਿੰਗ ਵਿੱਚ ਐੱਸਡੀਐੱਮ ਡਾ: ਢਿੱਲੋਂ ਨੇ ਹਾਜ਼ਰ ਅਧਿਕਾਰੀਆਂ ਨੂੰ ਸਪੱਸ਼ਟ ਦਿਸ਼ਾ ਨਿਰਦੇਸ਼ ਜਾਰੀ ਕੀਤੇ ਕਿ ਅੱਜ ਆਦਰਸ਼ ਚੋਣ ਜ਼ਾਬਤਾ ਲੱਗ ਚੁੱਕਾ ਹੈ। ਇਸ ਲਈ ਸਾਰੀਆਂ ਸਰਕਾਰੀ ਇਮਾਰਤਾਂ ‘ਤੇ ਲੱਗੀਆਂ ਸਿਆਸੀ ਸ਼ਖ਼ਸੀਅਤਾਂ ਤੇ ਸਿਆਸੀ ਪਾਰਟੀਆਂ ਦੀਆਂ ਤਸਵੀਰਾਂ ਅਤੇ ਹੋਰਡਿੰਗਜ਼ ਨੂੰ ਤਰੁੰਤ ਪ੍ਰਭਾਵ ਨਾਲ ਉਤਾਰਨਾ ਸ਼ੂਰੂ ਕੀਤਾ ਜਾਵੇ।
ਪਾਵਰਕਾਮ ਵੱਲੋਂ ਬਿਜਲੀ ਦੇ ਖੰਭਿਆਂ, ਜੰਗਲਾਤ ਵਿਭਾਗ ਵੱਲੋਂ ਸੜਕਾਂ ਦੇ ਕੰਢੇ ਦਰਖ਼ਤਾਂ ‘ਤੇ ਲੱਗੇ, ਪੰਪਾਂ ‘ਤੇ ਲੱਗੇ ਇਸ਼ਤਿਹਾਰ, ਤਸਵੀਰਾਂ, ਹੋਰਡਿੰਗਜ਼ ਹਟਾਏ ਜਾਣ। ਉਨ੍ਹਾਂ ਕਿਹਾ ਕਿ ਇਸ ਕੰਮ ਵਿਚ ਕਿਸੇ ਕਿਸਮ ਦੀ ਲਾਪਰਵਾਹੀ ਨਹੀਂ ਵਰਤੀ ਜਾਣੀ ਚਾਹੀਦੀ। ਕੁਤਾਹੀ ਕਰਨ ਵਾਲਿਆਂ ਖਿ਼ਲਾਫ਼ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਗਰ ਕਿਸੇ ਸਿਆਸੀ ਪਾਰਟੀ ਵੱਲੋਂ ਉਲੰਘਣਾ ਕਰਨ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਤੁਰੰਤ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਜਾਵੇ।
ਉਨ੍ਹਾਂ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਚੋਣ ਜ਼ਾਬਤੇ ਨੂੰ ਲਾਗੂ ਕਰਨ ਅਤੇ ਚੋਣਾਂ ਦੌਰਾਨ ਆਪਣੀ ਕਾਰਗੁਜ਼ਾਰੀ ਚੁਸਤੀ ਤੇ ਫੁਰਤੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਨਾਇਬ ਤਹਿਸੀਲਦਾਰ ਤਰਲੋਚਨ ਸਿੰਘ, ਬੀਡੀਪੀਓ ਹਰਪ੍ਰੀਤ ਸਿੰਘ, .ਓ ਮਜੀਠਾ ਵਿਜੇ ਡੋਗਰਾ, ਸੁਖਦੀਪ ਕੁਮਾਰ ਸਹਾਇਕ ਖਰਚਾ ਅਬਜਰਵਰ, ਸੰਜੀਵ ਸਲਵਾਨ, ਰੀਡਰ ਵਰਿੰਦਰ ਭਾਟੀਆ, ਦੀਪਕ ਭੱਟੀ, ਲਿਆਸ ਮਸੀਹ, ਅੰਮ੍ਰਿਤਪਾਲ ਸਿੰਘ, ਰੋਹਿਤ ਅਰਜਨਾ, ਸੰਦੀਪ ਕੌਰ, ਗੁਰਮੀਤ ਸਿੰਘ, ਮੰਗਲ ਸਿੰਘ, ਕੁਲਦੀਪ ਸਿੰਘ, ਰਣਜੀਤ ਸਿੰਘ, ਮਲਕੀਅਤ ਕੌਰ, ਅਮਨਪ੍ਰੀਤ, ਕੁਲਬੀਰ ਕੌਰ, ਹਰਪਾਲ ਸਿੰਘ ਆਦਿ ਹਾਜ਼ਰ ਸਨ।






