ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਅਮਨੀਤ ਕੌਂਡਲ ਵੱਲੋਂ ਅਸਲਾਧਾਰਕਾਂ ਨੂੰ ਆਪੋ-ਆਪਣੇ ਹਥਿਆਰ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਤਹਿਤ ਮਾਛੀਵਾੜਾ ਥਾਣਾ ਮੁਖੀ ਭਿੰਦਰ ਸਿੰਘ ਖੰਗੂੜਾ ਨੇ ਕਿਹਾ 21 ਮਾਰਚ ਤਕ ਇਹ ਅਸਲਾ ਥਾਣੇ ਜਮ੍ਹਾਂ ਕਰਵਾਉਣਾ ਬਹੁਤ ਜ਼ਰੂਰੀ ਹੈ।
ਮਾਛੀਵਾੜਾ ਥਾਣਾ ਮੁਖੀ ਇੰਸਪੈਕਟਰ ਭਿੰਦਰ ਸਿੰਘ ਖੰਗੂੜਾ ਨੇ ਦੱਸਿਆ ਚੋਣ ਕਮਿਸ਼ਨ ਤੇ ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਦੀਆਂ ਸਖ਼ਤ ਹਦਾਇਤਾਂ ਹਨ ਕਿ ਚੋਣਾਂ ਦੌਰਾਨ ਕੋਈ ਹਿੰਸਕ ਘਟਨਾ ਨਾ ਵਾਪਰੇ ਇਸ ਲਈ ਸਾਰੇ ਅਸਲਾਧਾਰਕਾਂ ਦੇ ਹਥਿਆਰ ਜਮ੍ਹਾਂ ਕਰਵਾ ਲਏ ਜਾਣ। ਉਨ੍ਹਾਂ ਕਿਹਾ ਚੋਣਾਂ ਕਾਰਨ ਇਲਾਕੇ ਦਾ 100 ਫ਼ੀਸਦੀ ਲਾਇਸੈਂਸੀ ਅਸਲਾ ਜਮ੍ਹਾਂ ਕਰਵਾਇਆ ਜਾਣਾ ਹੈ ਤੇ ਜੇਕਰ ਕਿਸੇ ਵੀ ਵਿਅਕਤੀ ਨੇ ਆਉਣ ਵਾਲੇ 5 ਦਿਨਾਂ ਅੰਦਰ ਹਥਿਆਰ ਜਮ੍ਹਾਂ ਨਾ ਕਰਵਾਏ ਤਾਂ ਉਨ੍ਹਾਂ ਦੀ ਸੂਚੀ ਤਿਆਰ ਕਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ ਤਾਂ ਜੋ ਉਨ੍ਹਾਂ ਦਾ ਅਸਲਾ ਲਾਇਸੈਂਸ ਰੱਦ ਕੀਤਾ ਜਾ ਸਕੇ।
ਥਾਣਾ ਮੁਖੀ ਭਿੰਦਰ ਸਿੰਘ ਨੇ ਦੱਸਿਆ ਪਿੰਡਾਂ ‘ਚ ਸਰਪੰਚ ਤੇ ਪੰਚਾਇਤਾਂ ਵੀ ਧਾਰਮਿਕ ਅਸਥਾਨਾਂ ਤੋਂ ਅਨਾਉਂਸਮੈਂਟ ਕਰਵਾ ਲੋਕਾਂ ਨੂੰ ਅਪੀਲ ਕਰਨ ਕਿ ਸਾਰੇ ਅਸਲਾ ਧਾਰਕ ਆਪਣਾ ਹਥਿਆਰ ਜਮ੍ਹਾਂ ਕਰਵਾ ਦੇਣ। ਥਾਣਾ ਮੁਖੀ ਨੇ ਕਿਹਾ ਜੇਕਰ ਕੋਈ ਵੀ ਵਿਅਕਤੀ ਅਸਲਾ ਚੁੱਕ ਕੇ ਘੁੰਮਦਾ ਵਿਖਾਈ ਦਿੱਤਾ ਤਾਂ ਉਸ ਖਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।






