ਕਪੂਰਥਲਾ ਦੇ ਸਟੇਟ ਗੁਰਦੁਆਰਾ ਸਾਹਿਬ ਦੀ ਮਾਰਕੀਟ ਵਿੱਚ ਸਥਿਤ ਇੱਕ ਸਕੈਨਿੰਗ ਸੈਂਟਰ ਵਿੱਚ ਦੋ ਚੋਰਾਂ ਵੱਲੋਂ ਤਾਲੇ ਤੋੜ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਹਾਲਾਂਕਿ ਚੋਰ ਮੌਕੇ ‘ਤੇ ਲੱਗੇ ਸੀਸੀਟੀਵੀ ‘ਚ ਕੈਦ ਹੋ ਗਏ ਹਨ। ਸਕੈਨਿੰਗ ਸੈਂਟਰ ਦੇ ਮਾਲਕ ਦੀ ਸ਼ਿਕਾਇਤ ’ਤੇ ਥਾਣਾ ਸਿਟੀ-2 ਦੀ ਪੁਲੀਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰਕੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਅਨੁਸਾਰ ਸਟੇਟ ਗੁਰਦੁਆਰਾ ਮਾਰਕੀਟ ਵਿੱਚ ਸਥਿਤ ਨੋਬਲ ਸਕੈਨਿੰਗ ਦੇ ਮਾਲਕ ਡਾ: ਕੁਲਜੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਦੱਸਿਆ ਕਿ 22 ਮਾਰਚ ਦੀ ਸ਼ਾਮ ਨੂੰ ਉਸ ਦੀ ਪਤਨੀ ਰੋਜ਼ਾਨਾ ਦੀ ਤਰ੍ਹਾਂ ਸਕੈਨਿੰਗ ਸੈਂਟਰ ਬੰਦ ਕਰਕੇ ਘਰ ਚਲੀ ਗਈ ਸੀ | ਅਤੇ ਅਗਲੀ ਸਵੇਰ ਉਸਦੇ ਗੁਆਂਢੀ ਨੇ ਫੋਨ ਕਰਕੇ ਦੱਸਿਆ ਕਿ ਉਸਦੇ ਸੈਂਟਰ ਦੇ ਸ਼ਟਰ ਟੁੱਟੇ ਹੋਏ ਸਨ ਅਤੇ ਅੱਧੇ ਸ਼ਟਰ ਖੁੱਲੇ ਸਨ। ਜਿਸ ਤੋਂ ਬਾਅਦ ਉਹ ਆਪਣੀ ਪਤਨੀ ਨਾਲ ਮੌਕੇ ‘ਤੇ ਪਹੁੰਚਿਆ ਤਾਂ ਦੇਖਿਆ ਕਿ ਵੇਟਿੰਗ ਰੂਮ ਦੇ ਦਫਤਰ ਦੇ ਦਰਾਜ਼ ਖੁੱਲ੍ਹੇ ਪਏ ਸਨ ਅਤੇ ਸਾਮਾਨ ਖਿਲਰਿਆ ਪਿਆ ਸੀ। ਸਕੈਨਿੰਗ ਮਸ਼ੀਨ ਵਾਲੇ ਕਮਰੇ ਦਾ ਤਾਲਾ ਤੋੜਿਆ ਗਿਆ ਅਤੇ ਅਲਮਾਰੀਆਂ ਦੇ ਤਾਲੇ ਤੋੜੇ ਗਏ ਅਤੇ ਸਾਮਾਨ ਖਿੱਲਰਿਆ ਪਿਆ। ਦੁਕਾਨ ਵਿੱਚ ਲੱਗੀ ਸੋਨੀ ਕੰਪਨੀ ਦੀ ਐਲਸੀਡੀ ਚੋਰੀ ਹੋ ਗਈ ਅਤੇ ਕੈਮਰੇ ਵੀ ਤੋੜ ਦਿੱਤੇ ਗਏ। ਡਾ. ਕੁਲਜੀਤ ਸਿੰਘ ਦੀ ਸ਼ਿਕਾਇਤ ‘ਤੇ ਥਾਣਾ ਸਿਟੀ-2 ਅਰਬਨ ਅਸਟੇਟ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਂਚ ਅਧਿਕਾਰੀ ਏਐਸਆਈ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਥਾਣਾ ਸਿਟੀ-2 ਅਰਬਨ ਅਸਟੇਟ ਦੇ ਐਸਐਚਓ ਮਨਜੀਤ ਸਿੰਘ ਨੇ ਦੱਸਿਆ ਕਿ ਚੋਰਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।






