ਸਮਰਾਲਾ ਦੇ ਪਿੰਡ ਦਿਆਲਪੁਰਾ ਨੇੜੇ ਸ਼ੁੱਕਰਵਾਰ ਰਾਤ ਕਰੀਬ 1 ਵਜੇ ਫਲਾਈਓਵਰ ‘ਤੇ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿਚ ਫਾਰਚੂਨਰ ਕਾਰ ਸਵਾਰ ਏਸੀਪੀ ਤੇ ਉਨ੍ਹਾਂ ਦੇ ਗੰਨਮੈਨ ਦੀ ਸੜ ਜਾਣ ਕਾਰਨ ਮੌਤ ਹੋ ਗਈ। ਇਕ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਏਸੀਪੀ ਦੀ ਪਛਾਣ ਸੰਦੀਪ ਸਿੰਘ ਤੇ ਗੰਨਮੈਨ ਦੀ ਪਛਾਣ ਪਰਮਜੋਤ ਸਿੰਘ ਵਜੋਂ ਹੋਈ ਹੈ। ਜਦੋਂ ਦੋਵਾਂ ਨੂੰ ਡੀਐੱਮਸੀ ਹਸਪਤਾਲ ਲਿਜਾਇਆ ਤਾਂ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਜਾਣਕਾਰੀ ਮੁਤਾਬਕ ਪੁਲਿਸ ਮੁਲਾਜ਼ਮਾਂ ਦੀ ਫਾਰਚੂਨਰ ਕਾਰ ਤੇ ਸਾਹਮਣਿਓਂ ਆ ਰਹੀ ਸਕਾਰਪੀਓ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋਣ ਕਾਰਨ ਫਾਰਚੂਨਰ ਕਾਰ ਨੂੰ ਅੱਗ ਲੱਗ ਗਈ ਜਿਸ ਕਾਰਨ ਇਹ ਦਰਦਨਾਕ ਹਾਦਸਾ ਹੋਇਆ।
ਲੁਧਿਆਣਾ ਦੀ ਪੂਰਬੀ ਸਬ-ਡਵੀਜ਼ਨ ‘ਚ ਤਾਇਨਾਤ ਏਸੀਪੀ ਸੰਦੀਪ ਸਿੰਘ ਆਪਣੇ ਗੰਨਮੈਨ ਪਰਮਜੋਤ ਸਿੰਘ ਤੇ ਡਰਾਈਵਰ ਗੁਰਪ੍ਰੀਤ ਸਿੰਘ ਨਾਲ ਫਾਰਚੂਨਰ ਕਾਰ ‘ਚ ਚੰਡੀਗੜ੍ਹ ਤੋਂ ਲੁਧਿਆਣਾ ਵਾਪਸ ਆ ਰਹੇ ਸਨ। ਜਦੋਂ ਉਨ੍ਹਾਂ ਦੀ ਕਾਰ ਸਮਰਾਲਾ ਨੇੜਲੇ ਪਿੰਡ ਦਿਆਲਪੁਰਾ ਵਿਖੇ ਹਾਈਵੇ ‘ਤੇ ਪਹੁੰਚੀ ਤਾਂ ਤੇਜ਼ ਰਫ਼ਤਾਰ ਸਕਾਰਪੀਓ ਨੇ ਟੱਕਰ ਮਾਰ ਦਿੱਤੀ।






