ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਤਸਕਰੀ ਦੇ ਇੱਕ ਵੱਡੇ ਗੋਰਖਧੰਦੇ ਦਾ ਖ਼ੁਲਾਸਾ ਕਰਦਿਆਂ ਪਿੰਡ ਕੰਨੀਆਂ ਹੁਸੈਨੀ ਦੀ ਇੱਕ ਔਰਤ ਵੱਲੋਂ ਘਰ ਦੇ ਵਿਹੜੇ ਵਿਚ ਹੀ ਲਾਹਣ ਸਟੋਰ ਕਰਨ ਲਈ ਜ਼ਮੀਨ ਹੇਠਾਂ ਬਣਾਏ 7 ਬੰਕਰਾਂ ਵਿਚੋਂ 14 ਹਜ਼ਾਰ ਲੀਟਰ ਲਾਹਣ ਬਰਾਮਦ ਕੀਤੀ। ਇਸ ਤੋਂ ਇਲਾਵਾ ਸ਼ਰਾਬ ਤਸਕਰਾਂ ਵੱਲੋਂ ਸ਼ਰਾਬ ਬਣਾਉਣ ਲਈ 20 ਹਜ਼ਾਰ ਲੀਟਰ ਲਾਹਣ ਤਰਪਾਲਾਂ ਵਿਚ ਭਰ ਕੇ ਪੁਲਿਸ ਤੋਂ ਬਚਨ ਲਈ ਸਤਲੁਜ ਦਰਿਆ ਵਿਚ ਸਟੋਰ ਕਰਨ ਦਾ ਵੀ ਖ਼ੁਲਾਸਾ ਕੀਤਾ।
ਇਸ ਛਾਪਾਮਾਰੀ ਦੌਰਾਨ ਪੁਲਿਸ ਪਾਰਟੀ ਨੇ ਘਰ ਦੇ ਵਿਹੜੇ ’ਚ ਜ਼ਮੀਨ ਹੇਠਾਂ ਸੱਤ ਥਾਵਾਂ ’ਤੇ ਬਣਾਏ ਬੰਕਰ ਪੁੱਟੇ ਤਾਂ ਇਨ੍ਹਾਂ ਬੰਕਰਾਂ ਵਿਚ ਸਟੋਰ ਕੀਤੀ 14 ਹਜ਼ਾਰ ਲੀਟਰ ਲਾਹਣ ਅਤੇ ਨਾਜਾਇਜ਼ ਸ਼ਰਾਬ ਦੀਆਂ 20 ਬੋਤਲਾਂ ਬਰਾਮਦ ਹੋਈਆਂ। ਇਸ ਤੋਂ ਬਾਅਦ ਪੁਲਿਸ ਟੀਮ ਸਤਲੁਜ ਦਰਿਆ ਬੰਨ੍ਹ ’ਤੇ ਪੁੱਜੀ ਤਾਂ ਤਸਕਰਾਂ ਵੱਲੋਂ ਸ਼ਰਾਬ ਬਣਾਉਣ ਲਈ ਸਤਲੁਜ ਦਰਿਆ ਵਿਚ ਹੀ ਤਰਪਾਲਾਂ ਵਿਚ ਲਾਹਣ ਭਰ ਕੇ ਰੱਸੀਆਂ ਨਾਲ ਬੰਨ੍ਹ ਕੇ ਸੁੱਟੀ ਹੋਈ ਸੀ ਜਿਨ੍ਹਾਂ ਨੂੰ ਪੁਲਿਸ ਟੀਮਾਂ ਨੇ ਬਾਹਰ ਕੱਢਿਆ ਤਾਂ 20 ਹਜ਼ਾਰ ਲੀਟਰ ਲਾਹਣ ਬਰਾਮਦ ਹੋਈ। ਐੱਸਐੱਸਪੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਖ਼ਿਲਾਫ਼ ਜ਼ਿਲ੍ਹਾ ਪੁਲਿਸ ਦੀ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ।






