ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿਕਟ ਕੱਟੇ ਜਾਣ ਤੋਂ ਬਾਅਦ ਢੀਂਡਸਾ ਧੜੇ ਨੇ ਸ਼ਨਿਚਰਵਾਰ ਨੂੰ ਸੰਗਰੂਰ ’ਚ ਸ਼ਕਤੀ ਪ੍ਰਦਰਸ਼ਨ ਕੀਤਾ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੇ ਆਪਣੇ ਸੰਬੋਧਨ ਦੌਰਾਨ ਪਾਰਟੀ ਦੀ ਬਿਹਤਰੀ ਤੇ ਪੰਥ ਲਈ ਪਾਰਟੀ ਵਰਕਰਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਪਰ ਪਾਰਟੀ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਦਾ ਨਾ ਤਾਂ ਨਾਂ ਲਿਆ ਤੇ ਨਾ ਹੀ ਉਨ੍ਹਾਂ ਨੂੰ ਵੋਟ ਦੇਣ ਦੀ ਕੋਈ ਅਪੀਲ ਕੀਤੀ। ਸੁਖਦੇਵ ਸਿੰਘ ਢੀਂਡਸਾ ਨੇ ਸਿਹਤ ਠੀਕ ਨਾ ਹੋਣ ਦੀ ਗੱਲ ਕਹਿੰਦਿਆਂ ਝੂੰਦਾਂ ਲਈ ਪ੍ਰਚਾਰ ਕਰਨ ਤੋਂ ਨਾਂਹ ਕਰ ਦਿੱਤੀ। ਉੱਧਰ, ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਟਿਕਟ ਕੱਟੇ ਜਾਣ ਦਾ ਦਰਦ ਵਰਕਰਾਂ ਨੂੰ ਜ਼ਿਆਦਾ ਹੈ ਪਰ ਮੌਜੂਦਾ ਸਮੇਂ ਪਾਰਟੀ ਜਿਸ ਹਾਲਾਤ ’ਚੋਂ ਲੰਘ ਰਹੀ ਹੈ, ਇਸ ਹਾਲਤ ’ਚ ਅਸੀਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਾ ਹੈ।
ਖ਼ਾਸ ਗੱਲ ਇਹ ਹੈ ਕਿ ਦੋਵਾਂ ਆਗੂਆਂ ਦੀ ਮੌਜੂਦਗੀ ’ਚ ਹੋਰਨਾਂ ਆਗੂਆਂ ਨੇ ਮੰਚ ਤੋਂ ਸਾਫ਼ ਕਰ ਦਿੱਤਾ ਕਿ ਪਾਰਟੀ ਦਾ ਫ਼ੈਸਲਾ ਉਨ੍ਹਾਂ ਨੂੰ ਬਿਲਕੁਲ ਮਨਜ਼ੂਰ ਨਹੀਂ ਹੈ। ਪਾਰਟੀ ਦੇ ਇਕ ਸਾਬਕਾ ਵਿਧਾਇਕ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਚੰਗਾ ਹੋਵੇਗਾ ਕਿ ਪਾਰਟੀ ਉਮੀਦਵਾਰ ਨੂੰ ਆਪਣੇ ਦਮ ’ਤੇ ਚੋਣ ਲੜਨ ਦਿੱਤੀ ਜਾਵੇ। ਇਸ ਹਾਲਤ ’ਚ ਇਹ ਗੱਲ ਤਾਂ ਸਾਫ਼ ਹੋ ਗਈ ਹੈ ਕਿ ਅਕਾਲੀ ਉਮੀਦਵਾਰ ਨਾਲ ਢੀਂਡਸਾ ਧੜਾ ਕਿਸੇ ਵੀ ਕੀਮਤ ’ਤੇ ਨਾਲ ਨਹੀਂ ਤੁਰੇਗਾ। ਜ਼ਿਕਰਯੋਗ ਹੈ ਕਿ ਹਾਲ ਹੀ ’ਚ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ’ਚ ਉਹ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ਉਹ ਖ਼ੁਦ ਚਾਹੁੰਦੇ ਸਨ ਕਿ ਪਰਮਿੰਦਰ ਸਿੰਘ ਢੀਂਡਸਾ ਨੂੰ ਸੰਗਰੂਰ ਤੋਂ ਉਮੀਦਵਾਰ ਬਣਾਇਆ ਜਾਵੇ।






