ਗੁਰੂਹਰਸਹਾਏ ਦੇ ਪਿੰਡ ਗਜਨੀਵਾਲਾ ਵਿੱਚ ਕਣਕ ਦੀ ਵਾਢੀ ਕਰਨ ਜਾ ਰਹੇ ਕਿਸਾਨਾਂ ਦਾ ਟਰੈਕਟਰ ਸਤਲੁਜ ਵਿੱਚ ਡੁੱਬ ਗਿਆ। ਪਤਾ ਲੱਗਾ ਹੈ ਕਿ ਪੰਜ ਕਿਸਾਨ ਆਪਣਾ ਟਰੈਕਟਰ ਬੇੜੇ ’ਚ ਰੱਖ ਕੇ ਸਤਲੁਜ ਪਾਰ ਕਰ ਰਹੇ ਸਨ ਕਿ ਦਰਿਆ ’ਚ ਪਾਣੀ ਘੱਟ ਹੋਣ ਕਾਰਨ ਉਨ੍ਹਾਂ ਦਾ ਬੇੜਾ ਪਲਟ ਗਿਆ ਅਤੇ ਟਰੈਕਟਰ ਦਰਿਆ ’ਚ ਡੁੱਬ ਗਿਆ। ਕਿਸਾਨਾਂ ਨੇ ਤੈਰ ਕੇ ਆਪਣੀ ਜਾਨ ਬਚਾਈ ਅਤੇ ਦੇਰ ਸ਼ਾਮ ਰੱਸੀਆਂ ਦੀ ਮਦਦ ਨਾਲ ਟਰੈਕਟਰ ਨੂੰ ਬਾਹਰ ਕੱਢਿਆ। ਕਿਸਾਨ ਬਲਬੀਰ ਸਿੰਘ ਨੇ ਦੱਸਿਆ ਕਿ ਉਹ ਕਣਕ ਦੀ ਵਾਢੀ ਲਈ ਟਰੈਕਟਰ ਲੈ ਕੇ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਇੱਥੇ ਆਰਮੀ ਵੱਲੋਂ ਕੈਪਸੂਲ ਪੁਲ ਬਣਾਇਆ ਗਿਆ ਸੀ ਪਰ ਹੜ੍ਹ ਤੋਂ ਬਾਅਦ ਇਹ ਪੁਲ ਟੁੱਟ ਗਿਆ ਅਤੇ ਬਾਅਦ ਵਿੱਚ ਇਹ ਪੁਲ ਨਹੀਂ ਬਣਿਆ। ਉਨ੍ਹਾਂ ਕਿਹਾ ਕਿ ਪੁਲ ਨਾ ਹੋਣ ਕਾਰਨ ਕਿਸਾਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ 17 ਅਪ੍ਰੈਲ ਨੂੰ ਪਿੰਡ ਕਾਲੂਵਾਲਾ ਵਿੱਚ ਕੈਪਸੂਲ ਪੁਲ ਟੁੱਟ ਗਿਆ ਸੀ ਅਤੇ ਉਸੇ ਦਿਨ ਪਿੰਡ ਟੇਂਡੀਵਾਲਾ ਵਿੱਚ ਵੀ ਬੇੜੇ ਨਾਲ ਭਰੀ ਇੱਕ ਕੰਬਾਈਨ ਅਤੇ ਟਰੈਕਟਰ-ਟਰਾਲੀ ਡੁੱਬਣੋਂ ਬਚੀ ਸੀ।






