ਪੰਜਾਬ ਪੁਲਿਸ (Punjab Police) ਨੇ ਹਿਮਾਚਲ ਪੁਲਿਸ (Himachal Police) ਤੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਦੇ ਗੁਰ ਸਿੱਖਣੇ ਸ਼ੁਰੂ ਕਰ ਦਿੱਤੇ ਹਨ। ਇਹ ਸਿਖਲਾਈ ਵੱਖ-ਵੱਖ ਜ਼ਿਲ੍ਹਿਆਂ ‘ਚ ਨਸ਼ਿਆਂ ਦੇ ਮਾਮਲਿਆਂ ਦੀ ਜਾਂਚ ਕਰ ਰਹੇ 550 ਤੋਂ ਵੱਧ ਜਾਂਚ ਅਧਿਕਾਰੀਆਂ ਨੂੰ ਦਿੱਤੀ ਜਾ ਰਹੀ ਹੈ। ਪਹਿਲਾ ਬੈਚ ਟ੍ਰੇਨਿੰਗ ਲਈ ਰਵਾਨਾ ਹੋ ਗਿਆ ਹੈ। ਦੂਜਾ ਬੈਚ 26 ਅਪ੍ਰੈਲ ਨੂੰ ਜਾਵੇਗਾ।
ਇਹ ਟਰੇਨਿੰਗ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਦੇ ਪੁਲਿਸ ਟਰੇਨਿੰਗ ਸੈਂਟਰ ਦਰੋਹ ਵਿਖੇ ਹੋਵੇਗੀ। ਟਰੇਨਿੰਗ ‘ਚ ਪੰਜਾਬ ਪੁਲਿਸ ਦੇ ਹੀ ਨਹੀਂ ਬਲਕਿ ਸਪੈਸ਼ਲ ਟਾਸਕ ਫੋਰਸ, ਆਪਰੇਸ਼ਨ ਸੈੱਲ, ਕ੍ਰਾਈਮ ਬ੍ਰਾਂਚ, ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਜੀਆਰਪੀ ਦੇ ਮੁਲਾਜ਼ਮਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਤਕਨੀਕੀ ਪਹਿਲੂਆਂ ਦੀ ਵੀ ਹੋਵੇਗੀ ਜਾਂਚ
ਟਰੇਨਿੰਗ ਦੌਰਾਨ ਮੁਲਾਜ਼ਮਾਂ ਨੂੰ ਨਸ਼ਾ ਤਸਕਰਾਂ ਤੋਂ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੇ ਨਮੂਨੇ ਟੈਸਟ ਲਈ ਭੇਜਣ, ਮੌਕੇ ਤੋਂ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਸੰਭਾਲਣ, ਕਿਸੇ ਕੇਸ ਦੀ ਜਾਂਚ ਦੌਰਾਨ ਧਿਆਨ ‘ਚ ਰੱਖਣ ਵਾਲੀਆਂ ਗੱਲਾਂ ਅਤੇ ਤਕਨੀਕੀ ਪਹਿਲੂਆਂ ਦੀ ਵੀ ਜਾਂਚ ਕੀਤੀ ਜਾਵੇਗੀ। ਚੇਤੇ ਰਹੇ ਕਿ ਹਾਲ ਹੀ ਵਿੱਚ ਡੀਜੀਪੀ ਗੌਰਵ ਯਾਦਵ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਤੇ ਸੀਪੀਜ਼ ਨੂੰ ਟਰੇਨਿੰਗ ਸਬੰਧੀ ਆਦੇਸ਼ ਜਾਰੀ ਕੀਤੇ ਗਏ ਸਨ ਜਿਸ ਤੋਂ ਬਾਅਦ ਬੈਚ ਬਣਾ ਕੇ ਕਰਮਚਾਰੀਆਂ ਨੂੰ ਟ੍ਰੇਨਿੰਗ ਲਈ ਭੇਜਣਾ ਸ਼ੁਰੂ ਕਰ ਦਿੱਤਾ ਗਿਆ ਹੈ।
ਪੰਜਾਬ ‘ਚ ਫੜਿਆ ਜਾਂਦਾ ਹੈ ਸਭ ਤੋਂ ਵੱਧ ਨਸ਼ਾ
ਹਾਲ ਹੀ ‘ਚ ਪੰਜਾਬ ਅਤੇ ਹਰਿਆਣਾ ‘ਚ ਨਸ਼ਿਆਂ ਦੇ ਕੇਸ ਦੀ ਸੁਣਵਾਈ ਦੌਰਾਨ ਡੀਜੀਪੀ ਪੰਜਾਬ ਨੂੰ ਕਿਹਾ ਗਿਆ ਸੀ ਕਿ ਪੰਜਾਬ ਪੁਲਿਸ ਨੂੰ ਹਿਮਾਚਲ ਪੁਲੀਸ ਵੱਲੋਂ ਡਰੱਗ ਕੇਸ ਦੀ ਜਾਂਚ ਦੀ ਪੇਚੀਦਗੀ ਤੇ ਤਕਨੀਕੀ ਤਰੀਕਿਆਂ ਬਾਰੇ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ। ਬੇਸ਼ੱਕ ਪੰਜਾਬ ‘ਚ ਸਭ ਤੋਂ ਵੱਧ ਨਸ਼ੇ ਫੜੇ ਜਾਂਦੇ ਹਨ ਪਰ ਹਿਮਾਚਲ ਪ੍ਰਦੇਸ਼ ਦੀ ਦੋਸ਼ ਸਿੱਧ ਕਰਨ ਦੀ ਦਰ ਪੰਜਾਬ ਨਾਲੋਂ ਕਿਤੇ ਜ਼ਿਆਦਾ ਹੈ।
ਪੰਜਾਬ ਪੁਲਿਸ ‘ਤੇ ਕਈ ਵਾਰ ਲੱਗੇ ਹਨ ਦੋਸ਼
ਹਾਲਾਂਕਿ ਪੰਜਾਬ ਪੁਲਿਸ ‘ਤੇ ਕਈ ਵਾਰ ਇਲਜ਼ਾਮ ਲੱਗ ਚੁੱਕੇ ਹਨ ਕਿ ਉਹ ਜਾਣਬੁੱਝ ਕੇ ਭੋਲੇ ਭਾਲੇ ਲੋਕਾਂ ਨੂੰ ਨਸ਼ਿਆਂ ਦੇ ਮਾਮਲਿਆਂ ‘ਚ ਫਸਾਉਂਦੀ ਹੈ। ਪੰਜਾਬ ਪੁਲਿਸ ਦੇ ਕਈ ਅਫਸਰ ਨਸ਼ਿਆਂ ਦੇ ਕੇਸਾਂ ‘ਚ ਫਸ ਚੁੱਕੇ ਹਨ। ਪੰਜਾਬ ਪੁਲਿਸ ਦਾ ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਪੁਲਿਸ ਨੂੰ ਚਕਮਾ ਦੇ ਕੇ ਪਿਛਲੇ ਸੱਤ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਫਰਾਰ ਹੈ। ਪੁਲਿਸ ਅਜੇ ਤਕ ਮੁਲਜ਼ਮਾਂ ਨੂੰ ਫੜਨ ਵਿੱਚ ਕਾਮਯਾਬ ਨਹੀਂ ਹੋ ਸਕੀ।






