ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ-ਯੂਕਰੇਨ ਜੰਗ ’ਤੇ ਆਪਣੀ ਨੀਤੀ ਵਿਚ ਵੱਡੀ ਤਬਦੀਲੀ ਕਰਦੇ ਹੋਏ ਰੂਸ ਦੀਆਂ ਦੋ ਸਭ ਤੋਂ ਵੱਡੀਆਂ ਤੇਲ ਕੰਪਨੀਆਂ ਰੋਸਨੇਫਟ ਤੇ ਲੁਕੋਈਲ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਕਾਰਨ ਵੀਰਵਾਰ ਨੂੰ ਕੌਮਾਂਤਰੀ ਤੇਲ ਦੀਆਂ ਕੀਮਤਾਂ ਵਿਚ ਪੰਜ ਫ਼ੀਸਦੀ ਦਾ ਵਾਧਾ ਹੋ ਗਿਆ। ਇਸ ਪਾਬੰਦੀ ਨਾਲ ਭਾਰਤ ਦੀ ਚੁਣੌਤੀ ਵੀ ਵੱਧ ਗਈ ਹੈ ਕਿਉਂਕਿ ਉਹ ਰੂਸ ਦੀਆਂ ਇਨ੍ਹਾਂ ਦੋ ਕੰਪਨੀਆਂ ਤੋਂ ਜ਼ਿਆਦਾਤਰ ਤੇਲ ਖ਼ਰੀਦ ਕਰਦਾ ਹੈ। ਭਾਰਤ ਔਸ਼ਤਨ 17 ਲੱਖ ਬੈਰਲ ਕੱਚਾ ਤੇਲ ਰੋਜ਼ਾਨਾ ਰੂਸ ਤੋਂ ਦਰਾਮਦ ਕਰਦਾ ਹੈ। ਅਮਰੀਕੀ ਪਾਬੰਦੀਆਂ ਦੇ ਮੱਦੇਨਜ਼ਰ ਹੁਣ ਭਾਰਤ ਨੂੰ ਰੂਸੀ ਤੇਲ ਦੀ ਦਰਾਮਦ ਵਿਚ ਕਟੌਤੀ ’ਤੇ ਵਿਚਾਰ ਕਰਨ ਪਵੇਗਾ। ਫ਼ਿਲਹਾਲ ਭਾਰਤ ਸਰਕਾਰ ਨੇ ਅਮਰੀਕੀ ਫ਼ੈਸਲੇ ’ਤੇ ਕੋਈ ਪ੍ਰਤੀਕਿਰਿਆ ਪ੍ਰਗਟ ਨਹੀਂ ਕੀਤੀ ਹੈ। ਹਾਲਾਂਕਿ ਨਿੱਜੀ ਖੇਤਰ ਦੀ ਤੇਲ ਕੰਪਨੀ ਰਿਲਾਇੰਸ ਨੇ ਕਿਹਾ ਹੈ ਕਿ ਉਹ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕੰਮ ਕਰੇਗੀ।
ਰੋਸਨੇਫਟ ਤੇ ਲੁਕੋਈਲ ਦੀ ਕੌਮਾਂਤਰੀ ਤੇਲ ਉਤਪਾਦਨ ਵਿਚ ਪੰਜ ਫ਼ੀਸਦੀ ਤੋਂ ਵੱਧ ਦੀ ਹਿੱਸੇਦਾਰੀ ਹੈ। ਇਨ੍ਹਾਂ ’ਤੇ ਪਾਬੰਦੀ ਟਰੰਪ ਦਾ ਇਸ ਮਾਮਲੇ ਵਿਚ ਯੂ-ਟਰਨ ਹੈ ਕਿਉਂਕਿ ਪਿਛਲੇ ਹਫ਼ਤੇ ਹੀ ਉਨ੍ਹਾਂ ਕਿਹਾ ਸੀ ਕਿ ਉਹ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੂਕਰੇਨ ਜੰਗ ਸਮਾਪਤ ਕਰਨ ਲਈ ਛੇਤੀ ਹੀ ਬੁੱਡਾਪੇਸਟ ਵਿਚ ਸਿਖਰ ਮੀਟਿੰਗ ਕਰਨਗੇ ਪਰ ਟਰੰਪ ਨੇ ਬੁੱਧਵਾਰ ਨੂੰ ਕਿਹਾ ਇਹ ਮੀਟਿੰਗ ਰੱਦ ਕਰ ਦਿੱਤੀ ਗਈ ਹੈ ਕਿਉਂਕਿ ਇਸ ਨਾਲ ਇੱਛਤ ਨਤੀਜੇ ਪ੍ਰਾਪਤ ਨਹੀਂ ਹੋਣਗੇ, ਨਾਲ ਹੀ ਸ਼ਿਕਾਇਤ ਕੀਤੀ ਕਿ ਪੁਤਿਨ ਦੇ ਨਾਲ ਉਨ੍ਹਾਂ ਦੀਆਂ ਕਈ ‘ਚੰਗੀਆਂ ਗੱਲਬਾਤਾਂ’ ਵੀ ਕਿਸੇ ਨਤੀਜੇ ’ਤੇ ਨਹੀਂ ਪੁੱਜੀਆਂ। ਰੂਸ ਦੀਆਂ ਇਨ੍ਹਾਂ ਦੋ ਸਭ ਤੋਂ ਵੱਡੀਆਂ ਤੇਲ ਕੰਪਨੀਆਂ ’ਤੇ ਪਾਬੰਦੀਆਂ ਬਾਰੇ ਦੱਸਦੇ ਹੋਏ ਅਮਰੀਕੀ ਵਿੱਤ ਮੰਤਰੀ ਸਕਾਟ ਬੇਸੇਂਟ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਰੂਸ ਦੀ ਉਸ ਵਿੱਤੀ ਸਮਰੱਥਾ ਨੂੰ ਨਿਸ਼ਾਨਾ ਬਣਾ ਰਿਹਾ ਹੈ, ਜਿਸ ਨਾਲ ਉਹ ਦੂਜੀ ਸੰਸਾਰ ਜੰਗ ਤੋਂ ਬਾਅਦ ਯੂਰਪ ਦੇ ਸਭ ਤੋਂ ਵੱਡੇ ਜ਼ਮੀਨੀ ਯੁੱਧ ਨੂੰ ਵਿੱਤੀ ਸਹਾਇਤਾ ਦੇ ਰਿਹਾ ਹੈ। ਅਮਰੀਕਾ ਅੱਗੋਂ ਦੀ ਕਾਰਵਾਈ ਲਈ ਵੀ ਤਿਆਰ ਹੈ। ਉਨ੍ਹਾਂ ਨੇ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਨੂੰ ਨਾਲ ਜੁੜਨ ਅਤੇ ਇਨ੍ਹਾਂ ਪਾਬੰਦੀਆਂ ਦਾ ਪਾਲਣ ਕਰਨ ਦਾ ਸੱਦਾ ਦਿੱਤਾ।
ਰੂਸ ਨੇ ਪਾਬੰਦੀਆਂ ਦੇ ਅਸਰ ਨੂੰ ਕੀਤਾ ਨਜ਼ਰਅੰਦਾਜ਼







