ਪਾਕਿਸਤਾਨ ਲਈ ਜਾਸੂਸੀ ਕਰਨ ਦੇ ਮਾਮਲੇ ‘ਚ ਜ਼ਿਲ੍ਹਾ ਪੁਲਿਸ ਨੇ ਮੁੱਖ ਕਿੰਗਪਿਨ ਫਿਰੋਜ਼ਪੁਰ ਨਿਵਾਸੀ ਗੁਰਨਾਮ ਸਿੰਘ ਉਰਫ਼ ਲਾਡੀ ਨੂੰ ਗ੍ਰਿਫ਼ਤਾਰ ਕੀਤਾ ਹੈ। ਹੁਣ ਤਕ ਪੁਲਿਸ ਨੇ ਇਸ ਮਾਮਲੇ ‘ਚ ਤਿੰਨ ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਜਦਕਿ ਹੋਰ ਕਈ ਪੁਲਿਸ ਦੇ ਰਡਾਰ ‘ਤੇ ਹਨ। ਹਾਲਾਂਕਿ ਇਸ ਬਾਰੇ ਪੁਲਿਸ ਵਧੇਰੇ ਜਾਣਕਾਰੀ ਦੇਣ ਤੋਂ ਬਚ ਰਹੀ ਹੈ। ਤਿੰਨਾਂ ਤੋਂ ਪੁਲਿਸ ਨੇ ਛੇ ਮੋਬਾਈਲ ਫੋਨ ਬਰਾਮਦ ਕਰ ਕੇ ਫੋਰੈਂਸਿਕ ਜਾਂਚ ਲਈ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਡੀਐਸਪੀ ਦਫਤਰ ‘ਚ ਪ੍ਰੈਸ ਕਾਨਫਰੰਸ ਦੌਰਾਨ ਐਸਪੀ-ਡੀ ਪ੍ਰਭਜੋਤ ਸਿੰਘ ਵਿਰਕ ਨੇ ਸਨਸਨੀਖੇਜ਼ ਖੁਲਾਸੇ ਕਰਦਿਆਂ ਦੱਸਿਆ ਕਿ ਕੇਂਦਰੀ ਏਜੰਸੀਆਂ ਦੇ ਇਨਪੁੱਟ ਦੇ ਆਧਾਰ ‘ਤੇ 28 ਅਕਤੂਬਰ ਨੂੰ ਥਾਣਾ ਕੋਤਵਾਲੀ ਦੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਫਾਈ ਮੁਲਾਜ਼ਮ 25 ਸਾਲਾ ਰਾਜਾ ਨਿਵਾਸੀ ਪਿੰਡ ਮੁਸ਼ਕਵੇਦ ਜ਼ਿਲ੍ਹਾ ਕਾਪੂਰਥਲਾ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸਨੇ ਨਿਊ ਆਰਮੀ ਕੈਂਟ ਦੀਆਂ ਤਸਵੀਰਾਂ ਤੇ ਖੁਫੀਆ ਜਾਣਕਾਰੀ ਪਾਕਿਸਤਾਨ ਨੂੰ ਭੇਜੀ ਹੈ। ਐਸਪੀ ਅਨੁਸਾਰ, ਰਾਜਾ ਨੇ ਦੱਸਿਆ ਕਿ ਪਾਕਿਸਤਾਨੀ ਜਾਸੂਸ 35 ਸਾਲਾ ਗੁਰਨਾਮ ਸਿੰਘ ਉਰਫ਼ ਲਾਡੀ ਉਰਫ਼ ਭਲਵਾਨ, ਜੋ ਕਿ ਬਾਗੇਵਾਲ ਜ਼ਿਲ੍ਹਾ ਫਿਰੋਜ਼ਪੁਰ ਦਾ ਨਿਵਾਸੀ ਹੈ, ਨਾਲ ਉਸਦਾ ਸੰਪਰਕ 30 ਸਾਲਾ ਜਸਕਰਨ ਸਿੰਘ ਉਰਫ਼ ਜੱਸਾ, ਜੋ ਕਿ ਚੱਕ ਕਲੀਆਂ ਕਲਾਂ ਧਰਮਕੋਟ ਜ਼ਿਲ੍ਹਾ ਮੋਗਾ ਦਾ ਨਿਵਾਸੀ ਹੈ, ਨੇ ਕਰਵਾਇਆ ਸੀ। ਇਸ ਕੰਮ ਬਦਲੇ ਉਸਨੂੰ ਪੈਸੇ ਮਿਲਦੇ ਸਨ।







