ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੂੰ ਕੀਤਾ ਸਨਮਾਨਿਤ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਵਾਤਾਵਰਨ ਮੁਹਿੰਮ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਨੇ ਪੰਜਾਬ ਦੇ ਜਲੰਧਰ ਨਾਲ ਸਬੰਧਤ ਸਵਰਨਜੀਤ ਸਿੰਘ ਖਾਲਸਾ ਅਮਰੀਕਾ ’ਚ ਨੌਰਵਿਚ ਦੇ ਮੇਅਰ ਚੁਣੇ ਜਾਣ ’ਤੇ ਉਨ੍ਹਾਂ ਦੇ ਪਿਤਾ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਪ੍ਰਧਾਨ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੂੰ ਮੁਬਾਰਕਬਾਦ ਦਿੱਤੀ ਤੇ ਸਨਮਾਨਿਤ ਕੀਤਾ। ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਇਸ ਦਾ ਸਿਹਰਾ ਸਿਰਫ਼ ਸਾਨੂੰ ਹੀ ਨਹੀਂ ਸਗੋਂ ਪੂਰੀ ਪੰਜਾਬੀ ਕੌਮ ਖ਼ਾਸ ਕਰਕੇ ਸਿੱਖ ਭਾਈਚਾਰਾ ਤੇ ਜਲੰਧਰ ਵਾਸੀਆਂ ਨੂੰ ਵੀ ਜਾਂਦਾ ਹੈ। ਇਹ ਮਾਣ ਦੀ ਗੱਲ ਹੈ ਕਿ ਸਵਰਨਜੀਤ ਸਿੰਘ ਪਹਿਲਾ ਅੰਮ੍ਰਿਤਧਾਰੀ ਸਿੱਖ ਹੈ, ਜੋ ਅਮਰੀਕਾ ’ਚ ਮੇਅਰ ਚੁਣਿਆ ਗਿਆ ਹੈ। ਜਿਸ ਕਰਕੇ ਸਮੂਹ ਪੰਜਾਬੀਆਂ ’ਚ ਵੀ ਖੁਸ਼ੀ ਦੀ ਲਹਿਰ ਹੈ। ਇਹ ਪੰਥ, ਪੰਜਾਬ, ਦੇਸ਼ ਦੀ ਜਿੱਤ ਹੈ। ਜਥੇਦਾਰ ਪਰਮਿੰਦਰਪਾਲ ਸਿੰਘ ਨੇ ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਦੱਸਿਆ ਕਿ ਸਵਰਨਜੀਤ ਸਿੰਘ ਨੇ ਨਸਲਵਾਦ ਬਾਰੇ ਕਾਫੀ ਜਾਗਰੂਕਤਾ ਫੈਲਾਉਣ ਵਾਲੇ ਕਾਰਜ ਕੀਤੇ ਹਨ। ਉਨ੍ਹਾਂ ਵੱਲੋਂ ਸਿੱਖਾਂ ਦੀ ਪਛਾਣ ਬਾਰੇ ਦੱਸਣ ਦੇ ਲਈ ਕਰੀਬ 200 ਸੈਮੀਨਾਰ ਕਰਵਾਏ। ਇਸ ਕਾਰਨ ਐੱਫਬੀਆਈ ਨੇ ਸਨਮਾਨਿਤ ਵੀ ਕੀਤਾ ਸੀ। ਉਨ੍ਹਾਂ ਦੱਸਿਆ ਕਿ ਸਵਰਨਜੀਤ ਸਿੰਘ ਅਮਰੀਕਾ ਦੇ ਸਰਕਾਰੀ ਦਫ਼ਤਰਾਂ ’ਚ ਆਪਣਾ ਪ੍ਰਾਜੈਕਟਰ ਲੈ ਕੇ ਜਾਂਦਾ ਸੀ ਤੇ ਸਿੱਖ ਇਤਿਹਾਸ ਤੇ ਸਿੱਖੀ ਬਾਰੇ ਸਮਝਾਉਂਦਾ ਸੀ ਕਿ ਸਿੱਖ ਕੌਣ ਹਨ। ਇਸੇ ਪ੍ਰਚਾਰ ਕਰਕੇ ਸਵਰਨਜੀਤ ਸਿੰਘ ਲੋਕਾਂ ਦੇ ਨਜ਼ਦੀਕ ਆ ਗਏ ਤੇ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਚੋਣਾਂ ਲੜਨ ਲਈ ਕਿਹਾ ਤੇ ਜਿਤਾਇਆ। ਖਾਲਸਾ ਨੇ ਬਾਬਾ ਜੀ ਦੀ ਪ੍ਰਦੂਸ਼ਣ ਵਿਰੋਧੀ ਲਹਿਰ ਤੇ ਗੁਰੂ ਨਾਨਕ ਵੇਂਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਮਨੁੱਖਤਾ ਲਈ ਇਤਹਾਸਕ ਰੋਲ ਨਿਭਾਇਆ ਹੈ। ਇਸ ਮੌਕੇ ਸਾਹਿਬ ਸਿੰਘ, ਬਲਵਿੰਦਰ ਪਾਲ ਸਿੰਘ, ਹਰਦੇਵ ਸਿੰਘ ਗਰਚਾ ਗੁਰਪ੍ਰੀਤ ਸਿੰਘ ਰਾਜੂ, ਕਮਲਜੀਤ ਸਿੰਘ ਜਮਸ਼ੇਰ ਆਦਿ ਸ਼ਾਮਲ ਸਨ।







