ਬਰਨਾਲਾ ਦੇ ਖੁੱਡੀ ਰੋਡ ‘ਤੇ ਛੱਜੂ ਰੋਸ਼ਨ ਦੇ ਕਾਰਖ਼ਾਨੇ ਨਜ਼ਦੀਕ ਨਗਰ ਕੌਂਸਲ ਬਰਨਾਲਾ ਸੈਨਟਰੀ ਦਫ਼ਤਰ ਦੇ ਕੋਲੋਂ ਖ਼ਾਲੀ ਪਏ ਪਲਾਟ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਰਾਹੀ ਬਸਤੀ ਬਰਨਾਲਾ ਦੇ ਵਸਨੀਕ ਸੋਮੀ ਸਿੰਘ ਦਾ ਲੜਕਾ ਨਰਿੰਦਰ ਸਿੰਘ ਨਿੰਦੀ ਉਮਰ 22 ਸਾਲ ਦੋ ਦਿਨ ਪਹਿਲਾਂ ਘਰੋਂ ਗਾਇਬ ਸੀ, ਜਿਸ ਬਾਰੇ ਉਸ ਦੇ ਪਰਵਾਰਿਕ ਮੈਂਬਰਾਂ ਵੱਲੋਂ ਥਾਣਾ ਸਿਟੀ-2 ਬਰਨਾਲਾ ਵਿੱਚ ਇਤਲਾਹ ਵੀ ਦਿੱਤੀ ਗਈ ਸੀ, ਪਰ ਬੁੱਧਵਾਰ ਦੇਰ ਰਾਤ ਪਤਾ ਲੱਗਿਆ ਕਿ ਖੁੱਡੀ ਰੋਡ ‘ਤੇ ਨਗਰ ਕੌਂਸਲ ਬਰਨਾਲਾ ਦੇ ਸੈਨਟਰੀ ਦਫ਼ਤਰ ਦੇ ਨਜ਼ਦੀਕ ਖ਼ਾਲੀ ਪਏ ਪਲਾਟ ਵਿੱਚ ਇੱਕ ਨੌਜਵਾਨ ਦੀ ਲਾਸ਼ ਪਈ ਹੈ, ਜਦੋਂ ਲੋਕਾਂ ਨੇ ਦੇਖਿਆ ਤਾਂ ਉਸ ਦੀ ਪਹਿਚਾਣ ਨਰਿੰਦਰ ਸਿੰਘ ਨਿੰਦੀ ਵੱਜੋਂ ਹੋਈ।
ਮ੍ਰਿਤਕ ਨੌਜਵਾਨ ਦੇ ਪਰਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਨਿੰਦੀ ਦਾ ਕਤਲ ਕੀਤਾ ਗਿਆ ਹੈ, ਕਿਉਂਕਿ ਉਸਦੀ ਲਾਸ਼ ‘ਤੇ ਬਹੁਤ ਸੱਟਾਂ ਹਨ, ਇਵੇਂ ਲੱਗਦਾ ਹੈ ਕਿ ਜਿਵੇਂ ਉਸ ਦੇ ਮੂੰਹ ਅਤੇ ਸਿਰ ‘ਤੇ ਇੱਟਾਂ ਮਾਰ – ਮਾਰ ਕੇ ਉਸਨੂੰ ਮਾਰਿਆ ਗਿਆ ਹੈ। ਮ੍ਰਿਤਕ ਨੌਜਵਾਨ ਦੇ ਪਰਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ਼ ਵਿੱਚ ਪ੍ਰਾਈਵੇਟ ਨੌਕਰੀ ਕਰਦਾ ਸੀ ਅਤੇ ਉਸਦੀ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਭੇਜ ਦਿੱਤਾ ਹੈ।







