ਰਿਲਾਇੰਸ ਸਮੂਹ ਦੇ ਚੇਅਰਮੈਨ ਅਨਿਲ ਅੰਬਾਨੀ ਨੇ ਸ਼ੁੱਕਰਵਾਰ ਨੂੰ ਫੇਮਾ ਕੇਸ ਦੇ ਤਹਿਤ ਜਾਰੀ ਸੰਮਨ ਤੋਂ ਬਾਅਦ ਈਡੀ ਅੱਗੇ ਵਰਚੂਅਲ ਮਾਧਿਅਮ ਨਾਲ ਪੇਸ਼ ਹੋਣ ਦੀ ਪੇਸ਼ਕਸ਼ ਕੀਤੀ ਹੈ। 66 ਸਾਲ ਦੇ ਕਾਰੋਬਾਰੀ ਦੇ ਬੁਲਾਰੇ ਵੱਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਸੰਘੀ ਏਜੰਸੀ ਵੱਲੋਂ ਵਿਦੇਸ਼ੀ ਮੁਦਰਾ ਮੈਨੇਜਮੈਂਟ ਐਕਟ (ਫੇਮਾ) ਦੇ ਤਹਿਤ ਕੀਤੀ ਜਾ ਰਹੀ ਜਾਂਚ ’ਚ ਉਹ ਪੂਰਾ ਸਹਿਯੋਗ ਕਰ ਰਹੇ ਹਨ। ਇਹ ਮਾਮਲਾ 15 ਸਾਲ ਪੁਰਾਏ ਜੈਪੁਰ-ਰੀਂਗੁਸ ਹਾਈਵੇਅ ਪ੍ਰੋਜੈਕਟ ਨਾਲ ਜੁੜਿਆ ਹੋਇਆ ਹੈ।
ਸੂਤਰਾਂ ਅਨੁਸਾਰ, ਈਡੀ ਨੇ ਅਮਿਲ ਅੰਬਾਨੀ ਨੂੰ ਸ਼ੁੱਕਰਵਾਰ ਨੂੰ ਪੇਸ਼ ਹੋਣ ਤੇ ਆਪਣਾ ਬਿਆਨ ਦਰਜ ਕਰਵਾਉਣ ਲਈ ਕਿਹਾ ਸੀ। ਹਾਲ ਹੀ ਵਿਚ ਮਨੀ ਲਾਂਡ੍ਰਿੰਗ ਕਾਨੂੰਨ ਦੇ ਤਹਿਤ ਅੰਬਾਨੀ ਤੇ ਉਨ੍ਹਾਂ ਦੀਆਂ ਕੰਪਨੀਆਂ ਦੀ 7500 ਕਰੋੜ ਦੀ ਜਾਇਦਾਦ ਕੁਰਕ ਕਰਨ ਤੋਂ ਬਾਅਦ ਈਡੀ ਨੇ ਕਿਹਾ ਸੀ ਕਿ ਰਿਲਾਇੰਸ ਇਨਫ੍ਰਾ ਦੇ ਖ਼ਿਲਾਫ਼ ਫੇਮਾ ਦੇ ਤਹਿਤ ਕੀਤੀ ਗਈ ਤਲਾਸ਼ੀ ਕਾਰਵਾਈ ’ਚ ਪਾਇਆ ਗਿਆ ਕਿ ਹਾਈਵੇਅ ਪ੍ਰੋਜੈਕਟ ਨਾਲ ਕਥਿਤ ਤੌਰ ’ਤੇ 40 ਕਰੋੜ ਰੁਪਏ ਦੀ ਹੇਰਾਫੇਰੀ ਕੀਤੀ ਗਈ ਸੀ।






