ਯੂਕਰੇਨ ਦੇ ਉੱਚ ਸੁਰੱਖਿਆ ਅਧਿਕਾਰੀਆਂ ਨੇ ਜੰਗਬੰਦੀ ਲਈ ਤਿਆਰ ਕੀਤੀ ਅਮਰੀਕੀ ਸ਼ਾਂਤੀ ਯੋਜਨਾ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਯੂਕਰੇਨ ਦੇ ਸਾਬਕਾ ਰੱਖਿਆ ਮੰਤਰੀ ਰੁਸਤਮ ਉਮੇਰੋਵ ਨੇ ਕਿਹਾ ਹੈ ਕਿ ਇਸ ਯੋਜਨਾ ਦੇ ਤਕਨੀਕੀ ਬਿੰਦੂਆਂ ’ਤੇ ਹੀ ਗੱਲਬਾਤ ਹੋਈ ਹੈ। ਜਦਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੈਂਸਕੀ ਨੇ ਕਿਹਾ ਹੈ ਕਿ ਯੂਕਰੇਨ ਯੋਜਨਾ ’ਤੇ ਈਮਾਨਦਾਰੀ ਨਾਲ ਰਚਨਾਤਮਕ ਕੰਮ ਕਰਨ ਲਈ ਤਿਆਰ ਹੈ। ਇਸ ਦੌਰਾਨ ਰੂਸੀ ਰਾਸ਼ਟਰਪਤੀ ਦੇ ਦਫ਼ਤਰ ਨੇ ਕਿਹਾ ਹੈ ਕਿ ਉਸ ਨੂੰ ਯੂਕਰੇਨ ਦੀ ਸ਼ਾਂਤੀ ਬਾਰੇ ਗੱਲਬਾਤ ਲਈ ਤਿਆਰ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ।
ਯੂਕਰੇਨ ਵੱਲੋਂ ਯੋਜਨਾ ਦੇ ਜ਼ਿਆਦਾਤਰ ਬਿੰਦੂਆਂ ਨੂੰ ਮੰਨਣ ਦੇ ਅਮਰੀਕੀ ਦਾਅਵੇ ਦੇ ਬਾਅਦ ਯੂਕਰੇਨ ਦੇ ਉੱਚ ਅਧਿਕਾਰੀਆਂ ਦਾ ਉਸ ਨੂੰ ਨਾਮਨਜ਼ੂਰ ਕਰਨ ਵਾਲਾ ਰੁਖ ਸਾਹਮਣੇ ਆਇਆ ਹੈ। ਅਮਰੀਕਾ ਦੀ 28 ਬਿੰਦੂਆਂ ਵਾਲੀ ਸ਼ਾਂਤੀ ਯੋਜਨਾ ’ਚ ਜ਼ਿਆਦਾਤਰ ਰੂਸ ਦੀਆਂ ਮੁੱਖ ਮੰਗਾਂ ਸ਼ਾਮਲ ਹਨ, ਜਿਨ੍ਹਾਂ ’ਚ ਯੂਕਰੇਨ ਦੀਆਂ ਜਿੱਤੀਆਂ ਜ਼ਮੀਨਾਂ ’ਤੇ ਕਬਜ਼ਾ ਬਣਾਈ ਰੱਖਣ ਦੀ ਸ਼ਰਤ ਵੀ ਹੈ। ਪੂਰਬੀ ਯੂਕਰੇਨ ਦੇ ਜਿੱਤੀਆਂ ਡੋਨੇਟਸਕ ਅਤੇ ਲੁਹਾਂਸਕ ਸੂਬਿਆਂ ਨੂੰ ਰੂਸ ਆਪਣੇ ਕੋਲ ਰੱਖੇਗਾ, ਜਦਕਿ ਹੋਰ ਸੂਬਿਆਂ ਦੀਆਂ ਜਿੱਤੀਆਂ ਜ਼ਮੀਨਾਂ ਯੂਕਰੇਨ ਨੂੰ ਵਾਪਸ ਕਰ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ, ਯੂਕਰੇਨ ਦੀ ਫੌ਼ਜ ਦਾ ਆਕਾਰ ਘਟਾਉਣ ਅਤੇ ਨਾਟੋ ’ਚ ਸ਼ਾਮਲ ਹੋਣ ਦੀ ਇੱਛਾ ਸਦਾ ਲਈ ਛੱਡਣ ਵਰਗੀਆਂ ਸ਼ਰਤਾਂ ਵੀ ਸ਼ਾਮਲ ਹਨ। ਸ਼ਾਂਤੀ ਯੋਜਨਾ ਦੇ ਅਨੁਸਾਰ ਯੁੱਧ ਰੁਕਣ ਦੇ ਬਾਅਦ ਰੂਸ ’ਤੇ ਲੱਗੀਆਂ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਨੂੰ ਹੌਲੀ-ਹੌਲੀ ਹਟਾਇਆ ਜਾਵੇਗਾ। ਰੂਸ ਦੀ ਜ਼ਬਤ ਕੀਤੀ ਗਈ ਜਾਇਦਾਦ ਵਾਪਸ ਕੀਤੀ ਜਾਵੇਗੀ ਅਤੇ ਉਸ ਨੂੰ ਜੀ 7 ਦੇਸ਼ਾਂ ਦੇ ਸਮੂਹ ’ਚ ਮੈਂਬਰ ਵਜੋਂ ਵਾਪਸ ਲਿਆ ਜਾਵੇਗਾ। ਇਸ ਸ਼ਾਂਤੀ ਯੋਜਨਾ ’ਚ ਯੂਰਪੀ ਯੂਨੀਅਨ (ਈਯੂ) ਦੇ ਦੇਸ਼ਾਂ ਨੂੰ ਅਲੱਗ ਰੱਖਿਆ ਗਿਆ ਹੈ, ਜਦਕਿ ਇਹ 27 ਦੇਸ਼ ਯੂਕਰੇਨ ਨੂੰ ਹਰ ਤਰ੍ਹਾਂ ਦੀ ਮਦਦ ਦੇ ਰਹੇ ਹਨ। ਈਯੂ ਦੀ ਵਿਦੇਸ਼ ਮਾਮਲਿਆਂ ਦੀ ਪ੍ਰਧਾਨ ਕਾਜਾ ਕਲਾਸ ਨੇ ਬ੍ਰੱਸਲਜ਼ ਵਿਚ ਕਿਹਾ ਹੈ ਕਿ ਕਿਸੇ ਵੀ ਯੋਜਨਾ ਨੂੰ ਯੂਕਰੇਨ ਅਤੇ ਈਯੂ ਨੂੰ ਨਾਲ ਰੱਖ ਕੇ ਹੀ ਲਾਗੂ ਕੀਤਾ ਜਾਣਾ ਚਾਹੀਦਾ ਹੈ।
ਅਮਰੀਕੀ ਅਧਿਕਾਰੀਆਂ ਨੇ ਕਿਹਾ ਹੈ ਕਿ ਸ਼ਾਂਤੀ ਯੋਜਨਾ ਦਾ ਮਸੌਦਾ ਯੂਕਰੇਨ ਦੀ ਕੌਮੀ ਕੁਸ਼ਲਤਾ ਕੌਂਸਲ ਦੇ ਸਕੱਤਰ ਰੁਸਤਮ ਉਮੇਰੋਵ ਦੇ ਸਲਾਹ-ਮਸ਼ਵਰੇ ਨਾਲ ਤਿਆਰ ਕੀਤਾ ਗਿਆ ਹੈ। ਮਸੌਦੇ ਨੂੰ ਆਖ਼ਰੀ ਰੂਪ ਦੇਣ ਤੋਂ ਪਹਿਲਾਂ ਇਸ ’ਚ ਕਈ ਸੋਧਾਂ ਕੀਤੀਆਂ ਗਈਆਂ ਅਤੇ ਇਸ ਨੂੰ ਰਾਸ਼ਟਰਪਤੀ ਜੇਲੈਂਸਕੀ ਦੇ ਸਾਹਮਣੇ ਵੀ ਰੱਖਿਆ ਗਿਆ ਸੀ ਪਰ ਸ਼ੁੱਕਰਵਾਰ ਨੂੰ ਉਮੇਰੋਵ ਨੇ ਅਮਰੀਕੀ ਅਧਿਕਾਰੀਆਂ ਦੇ ਬਿਆਨ ਦਾ ਖੰਡਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਯੋਜਨਾ ਦੀ ਸ਼ਰਤਾਂ ਦੇ ਵਿਸ਼ੇ ’ਤੇ ਅਮਰੀਕੀ ਅਧਿਕਾਰੀਆਂ ਨਾਲ ਵਿਚਾਰ-ਚਰਚਾ ਨਹੀਂ ਹੋਈ ਹੈ। ਉਮੇਰੋਵ ਜੁਲਾਈ ਤੱਕ ਯੂਕਰੇਨ ਦੇ ਰੱਖਿਆ ਮੰਤਰੀ ਰਹੇ ਹਨ ਅਤੇ ਉਨ੍ਹਾਂ ਨੂੰ ਰਾਸ਼ਟਰਪਤੀ ਜੇਲੈਂਸਕੀ ਦਾ ਵਿਸ਼ਵਾਸ ਪਾਤਰ ਮੰਨਿਆ ਜਾਂਦਾ ਹੈ। ਵੀਰਵਾਰ ਨੂੰ ਕੀਵ ’ਚ ਰਾਸ਼ਟਰਪਤੀ ਜੇਲੈਂਸਕੀ ਨਾਲ ਅਮਰੀਕੀ ਫੌ਼ਜੀ ਅਧਿਕਾਰੀਆਂ ਦੀ ਮੀਟਿੰਗ ਹੋਈ ਸੀ। ਉਸ ਦੌਰਾਨ ਉਨ੍ਹਾਂ ਨੂੰ ਸ਼ਾਂਤੀ ਯੋਜਨਾ ਦੀ ਨਕਲ ਵੀ ਸੌਂਪੀ ਗਈ ਸੀ ਪਰ ਜੇਲੈਂਸਕੀ ਨੇ ਇਸ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਪਰ ਜੇਲੈਂਸਕੀ ਨੇ ਕਿਹਾ ਹੈ ਕਿ ‘ਅਸੀਂ ਯੋਜਨਾ ’ਤੇ ਈਮਾਨਦਾਰੀ ਨਾਲ ਰਚਨਾਤਮਕ ਕੰਮ ਕਰਨ ਲਈ ਤਿਆਰ ਹਾਂ।’







