ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਅੱਜ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ ਦੇਣ ਦੇ ਮਾਮਲੇ ’ਤੇ ਸੁਣਵਾਈ ਹੋਈ। ਹਾਈ ਕੋਰਟ ਨੇ ਕਿਹਾ ਕਿ ਇਸ ਮਾਮਲੇ ਵਿਚ ਹੁਣ ਕੁਝ ਨਹੀਂ ਹੋ ਸਕਦਾ ਕਿਉਂਕਿ ਪਹਿਲਾਂ ਹੀ ਬਹੁਤ ਦੇਰੀ ਹੋ ਗਈ ਹੈ ਤੇ ਭਲਕੇ ਸੰਸਦ ਵਿਚ ਸਰਦ ਰੁੱਤ ਸੈਸ਼ਨ ਦਾ ਆਖਰੀ ਦਿਨ ਹੈ।
ਬੈਂਚ ਨੇ ਕਿਹਾ ਕਿ ਜੇ ਅਰਜ਼ੀਕਾਰ ਨੂੰ ਡਿਬਰੂਗੜ੍ਹ ਤੋਂ ਹੈਲੀਕਾਪਟਰ ਰਾਹੀਂ ਦਿੱਲੀ ਲਿਆਂਦਾ ਜਾਵੇ ਤਾਂ ਵੀ ਘੱਟੋ-ਘੱਟ 10 ਘੰਟੇ ਲੱਗ ਜਾਣਗੇ ਅਤੇ ਉਹ ਰਾਹਤ ਦਾ ਲਾਭ ਨਹੀਂ ਲੈ ਸਕੇਗਾ। ਹਾਈ ਕੋਰਟ ਨੇ ਕਿਹਾ ਕਿ ਅਰਜ਼ੀਕਾਰ ਭਵਿੱਖ ’ਚ ਰਾਹਤ ਲੈਣ ਲਈ ਅਦਾਲਤ ਦਾ ਰੁਖ਼ ਕਰ ਸਕਦਾ ਹੈ।
ਸੰਸਦ ਦਾ ਸੈਸ਼ਨ 8 ਨਵੰਬਰ ਨੂੰ ਐਲਾਨਿਆ ਗਿਆ ਸੀ। ਅੰਮ੍ਰਿਤਪਾਲ ਨੇ ਆਪਣੇ ਵਕੀਲ ਜ਼ਰੀਏ 12 ਨਵੰਬਰ ਨੂੰ ਇੱਕ ਪੱਤਰ ਭੇਜਿਆ ਸੀ।
ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਵਕੀਲਾਂ ਦੀ ਹੜਤਾਲ ਕਾਰਨ ਸੁਣਵਾਈ ਪ੍ਰਭਾਵਿਤ ਹੋਈ। ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਨੇ ਸੰਸਦ ਦੇ ਸਰਦ ਰੁੱਤ ਇਜਲਾਸ ’ਚ ਹਿੱਸਾ ਲੈਣ ਲਈ ਕਈ ਵਾਰ ਪੈਰੋਲ ਅਰਜ਼ੀ ਦਾਖਲ ਕੀਤੀ ਸੀ। ਅੰਮ੍ਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ ਦਾ ਪੰਜਾਬ ਸਰਕਾਰ ਨੇ ਵਿਰੋਧ ਕੀਤਾ ਸੀ।
ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਅਦਾਲਤ ਨੂੰ ਕਿਹਾ ਸੀ ਕਿ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ ਦੇਣ ਨਾਲ ਹਾਲਾਤ ਵਿਗੜ ਸਕਦੇ ਹਨ।







