ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਇੱਕ ਔਰਤ ਦੇ ਚਿਹਰੇ ਤੋਂ ਹਿਜਾਬ ਹਟਾਉਣ ਦੇ ਮਾਮਲੇ ’ਤੇ ਦਿੱਤੀ ਗਈ ਟਿੱਪਣੀ, ‘‘ਜੇ ਉਹ ਉਸ ਨੂੰ ਕਿਤੇ ਹੋਰ ਛੂਹ ਲੈਂਦੇ ਤਾਂ ਕੀ ਹੋ ਜਾਂਦਾ?’’, ਬਾਰੇ ਉੱਤਰ ਪ੍ਰਦੇਸ਼ ਦੇ ਮੰਤਰੀ ਸੰਜੇ ਨਿਸ਼ਾਦ ਨੇ ਸਫ਼ਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਗੱਲ ਦਾ ਗਲਤ ਮਤਲਬ ਕੱਢਿਆ ਗਿਆ ਹੈ ਅਤੇ ਉਨ੍ਹਾਂ ਦੀ ਕੋਈ ਮਾੜੀ ਨੀਅਤ ਨਹੀਂ ਸੀ। ਇਸ ਟਿੱਪਣੀ ਤੋਂ ਬਾਅਦ ਵਿਰੋਧੀ ਧਿਰਾਂ ਅਤੇ ਹੋਰਨਾਂ ਵੱਲੋਂ ਮੁਆਫ਼ੀ ਦੀ ਮੰਗ ਨੂੰ ਲੈ ਕੇ ਹੰਗਾਮਾ ਤੇਜ਼ ਹੋ ਗਿਆ ਹੈ।
ਵਿਵਾਦ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਹੋਏ, ਨਿਸ਼ਾਦ ਪਾਰਟੀ ਦੇ ਮੁਖੀ ਨੇ ਬੁੱਧਵਾਰ ਨੂੰ ਕਿਹਾ ਕਿ ਹਿੰਦੀ ਵਿੱਚ ਕੀਤੀ ਗਈ ਇਹ ਟਿੱਪਣੀ, ਜਿਸ ਨੂੰ ਮਹਿਲਾ-ਵਿਰੋਧੀ ਅਤੇ ਭੱਦੀ ਕਿਹਾ ਜਾ ਰਿਹਾ ਹੈ, ਸਿਰਫ਼ ਮਜ਼ਾਕੀਆ ਲਹਿਜੇ ਵਿੱਚ ਅਤੇ ਆਮ ਵਾਂਗ ਕੀਤੀ ਗਈ ਸੀ। ਦੂਜੇ ਪਾਸੇ, ਸਮਾਜਵਾਦੀ ਪਾਰਟੀ ਦੇ ਇੱਕ ਅਹੁਦੇਦਾਰ ਨੇ ਯੂਪੀ ਦੇ ਮੰਤਰੀ ਅਤੇ ਬਿਹਾਰ ਦੇ ਮੁੱਖ ਮੰਤਰੀ ਵਿਰੁੱਧ ਲਖਨਊ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਰਾਜ ਦੇ ਮੱਛੀ ਪਾਲਣ ਮੰਤਰੀ ਨੇ ਪੀ.ਟੀ.ਆਈ. ਨੂੰ ਦੱਸਿਆ, ‘‘ਮੇਰੀ ਟਿੱਪਣੀ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ, ਗਲਤ ਵਿਆਖਿਆ ਕੀਤੀ ਗਈ ਅਤੇ ਰੌਲੇ-ਰੱਪੇ ਤੇ ਅਨੁਵਾਦ ਵਿੱਚ ਇਸ ਦਾ ਅਸਲ ਮਤਲਬ ਗੁਆਚ ਗਿਆ।’’ ਉਨ੍ਹਾਂ ਇਹ ਗੱਲ ਉਦੋਂ ਕਹੀ ਜਦੋਂ ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਆਮ ਆਦਮੀ ਪਾਰਟੀ ਨੇ ਬਿਨਾਂ ਸ਼ਰਤ ਮੁਆਫ਼ੀ ਦੀ ਮੰਗ ਕੀਤੀ। ਉਨ੍ਹਾਂ ਕਿਹਾ, ‘‘ਜੇ ਕਿਸੇ ਨੂੰ ਬੁਰਾ ਲੱਗਾ ਹੈ, ਤਾਂ ਮੈਂ ਆਪਣੇ ਪਾਸਿਓਂ ਇਹ ਸ਼ਬਦ ਵਾਪਸ ਲੈਣ ਲਈ ਤਿਆਰ ਹਾਂ।’’
ਨਿਸ਼ਾਦ ਨੇ ਕਿਹਾ ਕਿ ਉਹ ਗੋਰਖਪੁਰ ਅਤੇ ਭੋਜਪੁਰੀ ਬੋਲਣ ਵਾਲੇ ਇਲਾਕੇ ਨਾਲ ਸਬੰਧ ਰੱਖਦੇ ਹਨ ਅਤੇ ਗੱਲਬਾਤ ਕਰਨ ਦੇ ਅੰਦਾਜ਼ ਹਰ ਖੇਤਰ ਵਿੱਚ ਵੱਖਰੇ ਹੁੰਦੇ ਹਨ। ਉਨ੍ਹਾਂ ਕਿਹਾ, ‘‘ਭੋਜਪੁਰੀ ਵਿੱਚ, ਇਹ ਲੋਕਾਂ ਨੂੰ ਕਿਸੇ ਮੁੱਦੇ ਨੂੰ ਜ਼ਿਆਦਾ ਨਾ ਵਧਾਉਣ ਅਤੇ ਸੰਜਮ ਰੱਖਣ ਦੀ ਸਲਾਹ ਦੇਣ ਦਾ ਇੱਕ ਆਮ ਤਰੀਕਾ ਹੈ। ਮੈਂ ਹਿੰਦੀ ਵਿੱਚ ਵੀ ਇਹੀ ਸ਼ੈਲੀ ਵਰਤੀ ਅਤੇ ਮੈਨੂੰ ਨਹੀਂ ਪਤਾ ਸੀ ਕਿ ਇਹ ਇੰਨਾ ਵੱਡਾ ਮੁੱਦਾ ਬਣ ਜਾਵੇਗਾ।’’
ਉਨ੍ਹਾਂ ਅੱਗੇ ਕਿਹਾ ਕਿ ਜਿਸ ਤਰ੍ਹਾਂ ਹਰਿਆਣਾ, ਦਿੱਲੀ, ਮਹਾਰਾਸ਼ਟਰ ਜਾਂ ਤਾਮਿਲਨਾਡੂ ਵਿੱਚ ਭਾਸ਼ਾ ਅਤੇ ਪ੍ਰਗਟਾਵੇ ਵੱਖਰੇ ਹੁੰਦੇ ਹਨ, ਉਸੇ ਤਰ੍ਹਾਂ ਉੱਤਰੀ ਭਾਰਤ ਅਤੇ ਪੂਰਬੀ ਉੱਤਰ ਪ੍ਰਦੇਸ਼ ਦੀਆਂ ਬੋਲੀਆਂ ਵੀ ਵੱਖਰੀਆਂ ਹਨ। ਇਸ ਦਾ ਮਤਲਬ ਇਹ ਨਹੀਂ ਕਿ ਕਿਸੇ ਦੀ ਬੇਇੱਜ਼ਤੀ ਕਰਨ ਦਾ ਇਰਾਦਾ ਸੀ। ਨਿਸ਼ਾਦ ਨੇ ਇਹ ਵੀ ਕਿਹਾ ਕਿ ਨਿਤੀਸ਼ ਕੁਮਾਰ ਨੇ ‘ਸਿਰਫ਼ ਨਕਾਬ ਹਟਾਇਆ’ ਸੀ ਤਾਂ ਜੋ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਸਰਕਾਰੀ ਸਕੀਮ ਦਾ ਅਸਲ ਲਾਭਪਾਤਰੀ ਮੌਜੂਦ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਇਸ ਦੀ ਜ਼ਿੰਮੇਵਾਰੀ ਅਧਿਕਾਰੀਆਂ ਦੀ ਸੀ ਜਿਨ੍ਹਾਂ ਨੂੰ ਪ੍ਰੋਗਰਾਮ (ਸੋਮਵਾਰ ਨੂੰ ਪਟਨਾ ਵਿੱਚ ਇੱਕ ਸਰਕਾਰੀ ਸਮਾਗਮ) ਤੋਂ ਪਹਿਲਾਂ ਸਹੀ ਪ੍ਰਬੰਧ ਕਰਨੇ ਚਾਹੀਦੇ ਸਨ।
ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਟਿੱਪਣੀ ਕਿਸੇ ਔਰਤ, ਭਾਈਚਾਰੇ ਜਾਂ ਧਰਮ ਦੇ ਵਿਰੁੱਧ ਨਹੀਂ ਸੀ ਅਤੇ ਕੁਝ ਲੋਕ ਸਿਆਸੀ ਫਾਇਦੇ ਲਈ ਇਸ ਮੁੱਦੇ ਨੂੰ ਜਾਣਬੁੱਝ ਕੇ ਤੂਲ ਦੇ ਰਹੇ ਹਨ।
ਇਸ ਦੌਰਾਨ ਸਪਾ ਬੁਲਾਰੇ ਸੁਮੱਈਆ ਰਾਣਾ ਨੇ ਬੁੱਧਵਾਰ ਨੂੰ ਲਖਨਊ ਪੁਲੀਸ ਕੋਲ ਨਿਸ਼ਾਦ ਅਤੇ ਕੁਮਾਰ ਵਿਰੁੱਧ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਵੱਲੋਂ ਇੱਕ ਔਰਤ ਦਾ ਹਿਜਾਬ ਖਿੱਚਣ ਦੀ ਵੀਡੀਓ ਨੇ ਔਰਤਾਂ ਵਿੱਚ ਗੁੱਸਾ ਪੈਦਾ ਕੀਤਾ ਹੈ। ਸੁਮੱਈਆ ਰਾਣਾ ਨੇ ਕਿਹਾ ਕਿ ਉਹ ਖ਼ੁਦ ਹਿਜਾਬ ਪਾਉਂਦੀ ਹੈ ਅਤੇ ਜੇ ਉਸ ਨਾਲ ਅਜਿਹਾ ਹੁੰਦਾ ਤਾਂ ਉਹ ਚੁੱਪ ਨਹੀਂ ਰਹਿੰਦੀ। ਉਨ੍ਹਾਂ ਕੈਸਰਬਾਗ ਪੁਲੀਸ ਸਟੇਸ਼ਨ ਵਿੱਚ ਲਿਖਤੀ ਸ਼ਿਕਾਇਤ ਦੇ ਕੇ ਐਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ ਹੈ।







