ਯੂਟੀ ਦੇ ਨਿੱਜੀ ਏਡਿਡ ਕਾਲਜਾਂ ਦੇ ਅਧਿਆਪਕਾਂ ਦੇ ਮਸਲੇ ਲੰਬੇ ਸਮੇਂ ਬਾਅਦ ਵੀ ਹੱਲ ਨਹੀਂ ਹੋ ਰਹੇ ਜਿਸ ਕਾਰਨ ਅੱਜ ਚੰਡੀਗੜ੍ਹ ਏਡਿਡ ਕਾਲਜ ਟੀਚਰਜ਼ ਐਸੋਸੀਏਸ਼ਨ ਦੀ ਅਗਵਾਈ ਹੇਠ ਅਧਿਆਪਕ ਸੈਕਟਰ-17 ਦੇ ਪਲਾਜ਼ਾ ਵਿਚ ਇਕੱਠੇ ਹੋਏ ਤੇ ਮੋਮਬੱਤੀ ਮਾਰਚ ਸ਼ੁਰੂ ਕੀਤਾ। ਇਹ ਅਧਿਆਪਕ ਸ਼ਾਂਤੀ ਪੂਰਵਕ ਪ੍ਰਦਰਸ਼ਨ ਕਰ ਰਹੇ ਸਨ ਪਰ ਪੁਲੀਸ ਨੇ ਇਨ੍ਹਾਂ ਅਧਿਆਪਕਾਂ ਨੂੰ ਜਬਰੀ ਹਿਰਾਸਤ ਵਿਚ ਲੈ ਲਿਆ। ਇਨ੍ਹਾਂ ਅਧਿਆਪਕਾਂ ਦੀ ਗਿਣਤੀ 60 ਤੋਂ 70 ਦੱਸੀ ਜਾ ਰਹੀ ਹੈ ਜਿਨ੍ਹਾਂ ਵਿਚੋਂ ਅੱਧੀਆਂ ਤੋਂ ਜ਼ਿਆਦਾ ਮਹਿਲਾ ਕਾਲਜ ਅਧਿਆਪਕਾਂ ਸਨ। ਪੁਲੀਸ ਨੇ ਸ਼ਾਮ ਅੱਠ ਵਜੇ ਦੇ ਕਰੀਬ ਮਹਿਲਾ ਅਧਿਆਪਕਾਂ ਨੂੰ ਥਾਣੇ ਤੋਂ ਛੱਡ ਦਿੱਤਾ ਤੇ ਪੁਰਸ਼ ਅਧਿਆਪਕਾਂ ਨੂੰ ਸਵਾ ਨੌਂ ਵਜੇ ਦੇ ਕਰੀਬ ਛੱਡਿਆ ਗਿਆ। ਇਹ ਅਧਿਆਪਕ ਯੂਜੀਸੀ ਨਿਯਮ 2018 ਅਨੁਸਾਰ 18 ਜੁਲਾਈ 2018 ਤੋਂ ਤਰੱਕੀ ਦੀ ਮੰਗ ਕਰ ਰਹੇ ਸਨ।
ਪੰਜਾਬ ਯੂਨੀਵਰਸਿਟੀ ਦੇ ਸਾਬਕਾ ਸੈਨੇਟਰ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਦੇ ਸੀਨੀਅਰ ਲੈਕਚਰਾਰ ਡਾ. ਇੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਨ ਕਿ ਜਨਵਰੀ 2025 ਤੋਂ ਮਹਿੰਗਾਈ ਭੱਤਾ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਕ ਅਹੁਦੇ ’ਤੇ ਕੰਮ ਕਰ ਰਹੇ ਕਾਲਜ ਅਧਿਆਪਕਾਂ ਨੂੰ ਇਕੋ ਜਿਹਾ ਐਚਆਰਏ 20 ਫੀਸਦੀ ਦਿੱਤਾ ਜਾਵੇ। ਯੂਜੀਸੀ ਨਿਯਮਾਂ ਤਹਿਤ ਇਕ ਸਾਲ ਦੇ ਪ੍ਰਬੇਸ਼ਨ ਪੀਰੀਅਡ ਤਹਿਤ ਪੂਰੀ ਤਨਖਾਹ ਦਿੱਤੀ ਜਾਵੇ ਜਦਕਿ ਇਸ ਵੇਲੇ ਤਿੰਨ ਸਾਲ ਦਾ ਪ੍ਰੋਬੇਸ਼ਨ ਪੀਰੀਅਡ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਯੂਜੀਸੀ ਨਿਯਮਾਂ ਅਨੁਸਾਰ ਸੇਵਾ ਤੋਂ ਬਾਅਦ ਵਾਲੇ ਸਾਰੇ ਲਾਭ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਸੇਵਾਮੁਕਤੀ ਦੀ ਹੱਦ 65 ਸਾਲ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਸਰਕਾਰੀ ਕਾਲਜਾਂ ਦੇ ਅਧਿਆਪਕਾਂ ਦੀ ਸੇਵਾਮੁਕਤੀ ਦੀ ਉਮਰ 65 ਸਾਲ ਹੈ।







