ਗੋਆ ਦੀ ਅਦਾਲਤ ਨੇ ਸੋਮਵਾਰ ਨੂੰ ‘ਬਿਰਚ ਬਾਈ ਰੋਮੀਓ ਲੇਨ’ (Birch by Romeo Lane) ਨਾਈਟ ਕਲੱਬ ਦੇ ਮਾਲਕਾਂ, ਸੌਰਭ ਲੂਥਰਾ ਅਤੇ ਗੌਰਵ ਲੂਥਰਾ ਦਾ ਪੁਲੀਸ ਰਿਮਾਂਡ ਪੰਜ ਦਿਨਾਂ ਲਈ ਹੋਰ ਵਧਾ ਦਿੱਤਾ ਹੈ।
ਇਹ ਦੋਵੇਂ ਭਰਾ ਹਾਦਸੇ ਤੋਂ ਤੁਰੰਤ ਬਾਅਦ ਥਾਈਲੈਂਡ ਫ਼ਰਾਰ ਹੋ ਗਏ ਸਨ, ਜਿੱਥੋਂ ਉਨ੍ਹਾਂ ਨੂੰ 17 ਦਸੰਬਰ ਨੂੰ ਡਿਪੋਰਟ ਕਰਕੇ ਵਾਪਸ ਭਾਰਤ ਲਿਆਂਦਾ ਗਿਆ ਸੀ।
ਪੀੜਤ ਪਰਿਵਾਰਾਂ ਦੇ ਵਕੀਲ ਵਿਸ਼ਨੂੰ ਜੋਸ਼ੀ ਨੇ ਦੱਸਿਆ ਕਿ ਅਦਾਲਤ ਨੇ ਦੋਵਾਂ ਦਾ ਪੁਲੀਸ ਰਿਮਾਂਡ ਵਧਾ ਦਿੱਤਾ ਹੈ, ਜਦੋਂ ਕਿ ਕਲੱਬ ਦੇ ਇੱਕ ਹੋਰ ਮਾਲਕ ਅਜੈ ਗੁਪਤਾ ਨੂੰ ਨਿਆਂਇਕ ਹਿਰਾਸਤ (Judicial Custody) ਵਿੱਚ ਭੇਜ ਦਿੱਤਾ ਗਿਆ ਹੈ, ਕਿਉਂਕਿ ਪੁਲੀਸ ਨੇ ਉਸ ਦੇ ਰਿਮਾਂਡ ਦੀ ਮੰਗ ਨਹੀਂ ਕੀਤੀ ਸੀ।
ਅੰਜੁਨਾ ਪੁਲੀਸ ਨੇ ਲੂਥਰਾ ਭਰਾਵਾਂ ਖ਼ਿਲਾਫ਼ ਗੈਰ-ਇਰਾਦਤਨ ਕਤਲ ਅਤੇ ਹੋਰ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਹੁਣ ਤੱਕ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਇਸ ਦੇ ਨਾਲ ਹੀ ਪੁਲੀਸ ਨੇ ਬ੍ਰਿਟਿਸ਼ ਨਾਗਰਿਕ ਸੁਰਿੰਦਰ ਕੁਮਾਰ ਖੋਸਲਾ, ਜੋ ਕਿ ਯੂਕੇ ਫ਼ਰਾਰ ਹੋ ਗਿਆ ਹੈ, ਦੇ ਖ਼ਿਲਾਫ਼ ‘ਬਲੂ ਕਾਰਨਰ ਨੋਟਿਸ’ ਜਾਰੀ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ 6 ਦਸੰਬਰ ਨੂੰ ਇਸ ਨਾਈਟ ਕਲੱਬ ਵਿੱਚ ਲੱਗੀ ਭਿਆਨਕ ਅੱਗ ਕਾਰਨ 25 ਲੋਕਾਂ ਦੀ ਮੌਤ ਹੋ ਗਈ ਸੀ।







