ਭਾਰਤ ਅਤੇ ਨਿਊਜ਼ੀਲੈਂਡ ਨੇ ਇੱਕ ‘ਇਤਿਹਾਸਕ’ ਮੁਕਤ ਵਪਾਰ ਸਮਝੌਤੇ (FTA) ਦੀ ਗੱਲਬਾਤ ਮੁਕੰਮਲ ਹੋਣ ਦਾ ਐਲਾਨ ਕੀਤਾ ਹੈ, ਜੋ ਦੋਵਾਂ ਦੇਸ਼ਾਂ ਦੇ ਆਰਥਿਕ ਸਬੰਧਾਂ ਨੂੰ ਨਵੀਂ ਮਜ਼ਬੂਤੀ ਪ੍ਰਦਾਨ ਕਰੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਹਮਰੁਤਬਾ ਕ੍ਰਿਸਟੋਫਰ ਲਕਸਨ ਵਿਚਾਲੇ ਫੋਨ ’ਤੇ ਹੋਈ ਗੱਲਬਾਤ ਤੋਂ ਬਾਅਦ ਇਸ ਸਮਝੌਤੇ ਦੀ ਪੁਸ਼ਟੀ ਕੀਤੀ ਗਈ। ਵਿਦੇਸ਼ ਮੰਤਰਾਲੇ ਅਨੁਸਾਰ, ਇਹ ਸਮਝੌਤਾ ਸਿਰਫ਼ ਨੌਂ ਮਹੀਨਿਆਂ ਦੇ ਰਿਕਾਰਡ ਸਮੇਂ ਵਿੱਚ ਪੂਰਾ ਹੋਇਆ ਹੈ, ਜੋ ਦੋਵਾਂ ਦੇਸ਼ਾਂ ਦੀ ਆਪਸੀ ਸਿਆਸੀ ਇੱਛਾ ਸ਼ਕਤੀ ਅਤੇ ਸਾਂਝੀਆਂ ਇੱਛਾਵਾਂ ਨੂੰ ਦਰਸਾਉਂਦਾ ਹੈ। ਇਸ ਨਾਲ ਬਾਜ਼ਾਰ ਤੱਕ ਪਹੁੰਚ ਆਸਾਨ ਹੋਵੇਗੀ, ਨਿਵੇਸ਼ ਵਧੇਗਾ ਅਤੇ ਦੋਵਾਂ ਮੁਲਕਾਂ ਦੇ ਰਣਨੀਤਕ ਸਬੰਧ ਪਹਿਲਾਂ ਨਾਲੋਂ ਜ਼ਿਆਦਾ ਗੂੜ੍ਹੇ ਹੋਣਗੇ।
ਇਸ ਸਮਝੌਤੇ ਰਾਹੀਂ ਅਗਲੇ ਪੰਜ ਸਾਲਾਂ ਵਿੱਚ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਅਤੇ ਅਗਲੇ 15 ਸਾਲਾਂ ਵਿੱਚ ਨਿਊਜ਼ੀਲੈਂਡ ਵੱਲੋਂ ਭਾਰਤ ਵਿੱਚ 20 ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਇਹ ਐਫਟੀਏ (FTA) ਨਵੀਨਤਾਕਾਰਾਂ, ਉੱਦਮੀਆਂ, ਕਿਸਾਨਾਂ, ਲਘੂ ਉਦਯੋਗਾਂ ਅਤੇ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰੇਗਾ।
ਆਰਥਿਕ ਮੁੱਦਿਆਂ ਤੋਂ ਇਲਾਵਾ, ਦੋਵਾਂ ਨੇਤਾਵਾਂ ਨੇ ਖੇਡਾਂ, ਸਿੱਖਿਆ ਅਤੇ ਲੋਕਾਂ ਦੇ ਆਪਸੀ ਸਬੰਧਾਂ ਵਰਗੇ ਖੇਤਰਾਂ ਵਿੱਚ ਹੋਈ ਪ੍ਰਗਤੀ ਦਾ ਵੀ ਸਵਾਗਤ ਕੀਤਾ ਅਤੇ ਭਾਰਤ-ਨਿਊਜ਼ੀਲੈਂਡ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।







