ਭਾਈ ਜੈਤਾ ਜੀ ਦੀ ਯਾਦ ਵਿਚ ਰਾਜ ਪੱਧਰੀ ਸਮਾਰੋਹ ਵਿਚ ਅੱਜ ਮਾਝੇ ਦੇ ਇਕ ਮੰਤਰੀ ਦੀ ਰਿਸ਼ਤੇਦਾਰ ਈ ਟੀ ਟੀ ਅਧਿਆਪਕ ਦੇ ਮੰਚ ਉਪਰ ਬੈਠਣ ਤੋਂ ਬਾਅਦ ਲੋਕਾਂ ਵਿਚ ਚਰਚਾ ਸ਼ੁਰੂ ਹੋ ਗਈ। ਇਸ ਸਬੰਧੀ ਡੀ ਈ ਓ ਐਲੀਮੈਂਟਰੀ ਕਮਲਜੀਤ ਸਿੰਘ ਨੇ ਕਿਹਾ ਉਨ੍ਹਾਂ ਨੂੰ ਅਜਿਹੇ ਕਿਸੇ ਕਰਮਚਾਰੀ ਬਾਰੇ ਜਾਣਕਾਰੀ ਨਹੀਂ ਹੈ।
ਜਾਣਕਾਰੀ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ ਜੰਡਿਆਲਾ ਗੁਰੂ 1 ਲੜਕੇ ਵਿਚ ਤਾਇਨਾਤ ਇਕ ਅਧਿਆਪਕਾ ਜੋ ਕਿਸੇ ਮੰਤਰੀ ਦੀ ਰਿਸ਼ਤੇਦਾਰ ਲੱਗਦੀ ਹੈ ਪਿਛਲੇ ਸਮੇਂ ਤੋਂ ਰਾਜਸੀ ਸਮਾਰੋਹਾਂ ਵਿਚ ਲਗਾਤਾਰ ਹਿੱਸਾ ਲੈਂਦੀ ਆ ਰਹੀ ਹੈ ਅਤੇ ਇਸ ਸਬੰਧੀ ਫੇਸਬੁੱਕ ਪੇਜ ’ਤੇ ਉਕਤ ਅਧਿਆਪਕਾ ਦੀਆਂ ਲਗਾਤਾਰ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ। ਅੱਜ ਰਾਜ ਪੱਧਰੀ ਸਮਾਰੋਹ ਵਿਚ ਉਕਤ ਅਧਿਆਪਕਾ ਨਜ਼ਰ ਆ ਰਹੀ ਹੈ। ਇਕ ਪਾਸੇ ਪੰਜਾਬ ਸਰਕਾਰ ਇਹ ਦਾਅਵੇ ਕਰਦੀ ਆ ਰਹੀ ਹੈ ਸਿੱਖਿਆ ਕ੍ਰਾਂਤੀ ਲਿਆਂਦੀ ਜਾਵੇਗੀ ਦੂਸਰੇ ਪਾਸੇ ਇਕ ਕੈਬਨਿਟ ਮੰਤਰੀ ਦੀ ਰਿਸ਼ਤੇਦਾਰ ਸਰਕਾਰੀ ਡਿਊਟੀ ਦੌਰਾਨ ਬਿਨਾਂ ਕਿਸੇ ਮਨਜ਼ੂਰੀ ਰਾਜਸੀ ਪ੍ਰੋਗਰਾਮਾਂ ਵਿਚ ਹਿੱਸਾ ਲੈ ਰਹੀ ਹੈ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅੰਮ੍ਰਿਤਸਰ ਕਮਲਜੀਤ ਨਾਲ ਗੱਲਬਾਤ ਕਰਨ ਤੇ ਪਹਿਲਾ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਭਾਗ ਵਿਚ ਵੱਡੀ ਗਿਣਤੀ ਵਿਚ ਕਰਮਚਾਰੀ ਹਨ, ਇਸ ਕਰਕੇ ਇਸ ਸਬੰਧੀ ਜਾਣਕਾਰੀ ਨਹੀਂ ਹੈ ਅਤੇ ਉਹ ਦੋ ਦਿਨ ਬਾਅਦ ਦਸ ਸਕਦੇ ਹਨ ਜਿਸ ਸਬੰਧੀ ਜਦੋਂ ਵੱਟਸਐਪ ’ਤੇ ਸਾਰੀ ਜਾਣਕਾਰੀ ਭੇਜੀ ਗਈ ਤਾਂ ਉਨ੍ਹਾਂ ਕੋਈ ਜਵਾਬ ਦੇਣ ਦੀ ਬਜਾਏ ਆਪਣਾ ਫ਼ੋਨ ਹੀ ਬੰਦ ਕਰ ਦਿੱਤਾ।







