ਨਾਭਾ ਬਿਜਲੀ ਮਹਿਕਮੇ ਨੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ (EO) ਦੀ ਸਰਕਾਰੀ ਰਿਹਾਇਸ਼ ’ਤੇ ਕਥਿਤ ਬਿਜਲੀ ਚੋਰੀ ਦੇ ਦੋਸ਼ ਹੇਠ 3 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਬਿਜਲੀ ਚੋਰੀ ਦਾ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਕਿਸਾਨਾਂ ਨੇ ਟਰਾਲੀ ਚੋਰੀ ਦੇ ਸ਼ੱਕ ਵਿੱਚ ਈਓ ਦੀ ਕੋਠੀ ਦੀ ਖੁਦਾਈ ਕਰਵਾਈ ਸੀ।
ਜਾਂਚ ਦੌਰਾਨ ਪਤਾ ਲੱਗਿਆ ਕਿ ਕੋਠੀ ਦਾ ਬਿਜਲੀ ਕਨੈਕਸ਼ਨ ਸਾਲਾਂ ਤੋਂ ਕੱਟਿਆ ਹੋਇਆ ਸੀ ਅਤੇ ਇਹ ਕਥਿਤ ਕੁੰਡੀ ਸ਼ਹਿਰ ਦੀ ਪਾਣੀ ਦੀ ਸੱਪਲਾਈ ਲਈ ਲੱਗੀ ਮੋਟਰ ਤੋਂ ਲਗਾਈ ਗਈ ਸੀ।
ਬਿਜਲੀ ਬੋਰਡ ਦੇ ਐਕਸੀਅਨ ਪ੍ਰੀਕਸ਼ਤ ਭਨੋਟ ਅਨੁਸਾਰ ਸਬਸਿਡੀ ਵਾਲੀ ਮੋਟਰ ਤੋਂ ਕੁੰਡੀ ਲਗਾ ਕੇ ਕੋਠੀ ਦੇ ਏ.ਸੀ., ਕੈਮਰੇ ਅਤੇ ਹੋਰ ਉਪਕਰਨ ਚਲਾਏ ਜਾ ਰਹੇ ਸਨ, ਜਿਸ ਕਾਰਨ ਮਹਿਕਮੇ ਨੇ ਇੱਕ ਸਾਲ ਦੇ ਅੰਦਾਜ਼ਨ ਖਰਚੇ ਮੁਤਾਬਕ ਇਹ ਜੁਰਮਾਨਾ ਲਗਾਇਆ ਹੈ।
ਦੂਜੇ ਪਾਸੇ, ਹੁਣ ਇਸ ਜੁਰਮਾਨੇ ਦੀ ਅਦਾਇਗੀ ਨੂੰ ਲੈ ਕੇ ਨਵਾਂ ਵਿਵਾਦ ਛਿੜ ਗਿਆ ਹੈ। ਨਗਰ ਕੌਂਸਲ ਦੇ ਕੌਂਸਲਰਾਂ ਨੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਕਿਹਾ ਹੈ ਕਿ ਬਿਜਲੀ ਚੋਰੀ ਦੇ ਇਸ ਜੁਰਮਾਨੇ ਦਾ ਬੋਝ ਸ਼ਹਿਰ ਦੀ ਜਨਤਾ ਤੇ ਨਹੀਂ ਪੈਣ ਦਿੱਤਾ ਜਾਵੇਗਾ।
ਕੌਂਸਲਰ ਗੁਰਸੇਵਕ ਸਿੰਘ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਇਹ ਜੁਰਮਾਨਾ ਜਾਂ ਤਾਂ ਈਓ ਖ਼ੁਦ ਭਰਨ ਜਾਂ ਉਸ ਵਿਅਕਤੀ ਤੋਂ ਵਸੂਲਿਆ ਜਾਵੇ ਜਿਸ ਨੂੰ ਕੋਠੀ ਵਿੱਚ ਰਹਿਣ ਦੀ ਖੁੱਲ੍ਹ ਦਿੱਤੀ ਗਈ ਸੀ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਨਗਰ ਕੌਂਸਲ ਦੇ ਫੰਡਾਂ ਵਿੱਚੋਂ ਇਹ ਪੈਸਾ ਭਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਤਿੱਖਾ ਵਿਰੋਧ ਕਰਨਗੇ। ਇਸ ਪੂਰੇ ਮਾਮਲੇ ’ਤੇ ਈਓ ਗੁਰਚਰਨ ਸਿੰਘ ਨੇ ਫਿਲਹਾਲ ਚੁੱਪੀ ਧਾਰੀ ਹੋਈ ਹੈ ਅਤੇ ਰਿਕਾਰਡ ਚੈੱਕ ਕਰਨ ਦੀ ਗੱਲ ਕਹਿ ਕੇ ਪੱਲਾ ਝਾੜ ਲਿਆ ਹੈ।







