ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟੇਰੇਸ (Antonio Guterres) ਨੇ ਸਾਲ 2026 ਲਈ ਆਪਣਾ ਨਵਾਂ ਸਾਲ ਦਾ ਸੰਦੇਸ਼ ਪਹਿਲੀ ਵਾਰ ਹਿੰਦੀ ਅਤੇ ਉਰਦੂ ਸਮੇਤ 11 ਪ੍ਰਮੁੱਖ ਭਾਸ਼ਾਵਾਂ ਵਿੱਚ ਜਾਰੀ ਕਰਕੇ ਇੱਕ ਨਵਾਂ ਇਤਿਹਾਸ ਰਚਿਆ ਹੈ।
ਇਸ ਮੌਕੇ ਉਨ੍ਹਾਂ ਨੇ ਦੁਨੀਆ ਭਰ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਤਰਜੀਹਾਂ ਨੂੰ ਦਰੁਸਤ ਕਰਨ ਅਤੇ ‘ਵਿਨਾਸ਼’ (ਜੰਗਾਂ) ਦੀ ਬਜਾਏ ‘ਵਿਕਾਸ’ ’ਤੇ ਨਿਵੇਸ਼ ਕਰਨ। ਗੁਟੇਰੇਸ ਨੇ ਚਿੰਤਾ ਪ੍ਰਗਟਾਈ ਕਿ ਜਿੱਥੇ ਕਰੋੜਾਂ ਲੋਕ ਮਾਨਵੀ ਸਹਾਇਤਾ ਲਈ ਤਰਸ ਰਹੇ ਹਨ, ਉੱਥੇ ਹੀ ਦੁਨੀਆ ਭਰ ਵਿੱਚ ਫੌਜੀ ਖ਼ਰਚਾ 2.7 ਟ੍ਰਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ, ਜੋ ਕਿ ਪੂਰੇ ਅਫਰੀਕਾ ਮਹਾਂਦੀਪ ਦੀ ਜੀਡੀਪੀ ਦੇ ਬਰਾਬਰ ਹੈ।
ਹਿੰਦੀ ਭਾਸ਼ਾ ਨੂੰ ਸੰਯੁਕਤ ਰਾਸ਼ਟਰ ਵਿੱਚ ਇਹ ਅਹਿਮ ਸਥਾਨ ਮਿਲਣਾ ਭਾਰਤ ਲਈ ਵੱਡੀ ਪ੍ਰਾਪਤੀ ਹੈ, ਜੋ ਕਿ Hindi@UN ਪ੍ਰੋਜੈਕਟ ਤਹਿਤ ਸੰਭਵ ਹੋਇਆ ਹੈ। ਭਾਰਤ ਸਰਕਾਰ ਇਸ ਪ੍ਰੋਜੈਕਟ ਲਈ ਸਾਲਾਨਾ 1.5 ਮਿਲੀਅਨ ਡਾਲਰ ਦਾ ਯੋਗਦਾਨ ਪਾ ਰਹੀ ਹੈ, ਜਿਸ ਨੂੰ ਹਾਲ ਹੀ ਵਿੱਚ 2030 ਤੱਕ ਵਧਾ ਦਿੱਤਾ ਗਿਆ ਹੈ।
ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧ ਪੀ. ਹਰੀਸ਼ ਨੇ ਇਸ ਨੂੰ ਬਹੁ-ਭਾਸ਼ਾਈਵਾਦ ਅਤੇ ਹਿੰਦੀ ਨੂੰ ਵਿਸ਼ਵ ਪੱਧਰ ’ਤੇ ਮਾਨਤਾ ਦਿਵਾਉਣ ਦੀ ਭਾਰਤੀ ਵਚਨਬੱਧਤਾ ਦੀ ਜਿੱਤ ਦੱਸਿਆ ਹੈ।
ਗੁਟੇਰੇਸ ਨੇ ਆਪਣੇ ਸੰਦੇਸ਼ ਦੇ ਅੰਤ ਵਿੱਚ ਜ਼ੋਰ ਦੇ ਕੇ ਕਿਹਾ ਕਿ ਇੱਕ ਸੁਰੱਖਿਅਤ ਦੁਨੀਆ ਉਦੋਂ ਹੀ ਬਣ ਸਕਦੀ ਹੈ ਜਦੋਂ ਅਸੀਂ ਗਰੀਬੀ ਨਾਲ ਲੜਨ ’ਤੇ ਜ਼ਿਆਦਾ ਅਤੇ ਜੰਗਾਂ ’ਤੇ ਘੱਟ ਖ਼ਰਚ ਕਰਾਂਗੇ।







