ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਟੈਰਿਫ (ਟੈਕਸ) ਬਾਰੇ ਕੀਤੀਆਂ ਤਾਜ਼ਾ ਟਿੱਪਣੀਆਂ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਰਾਹੁਲ ਗਾਂਧੀ ਨੇ ਇੱਕ ਪੁਰਾਣੀ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਕਿਵੇਂ 1971 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅਮਰੀਕਾ ਦੇ ਦਬਾਅ ਦਾ ਡਟ ਕੇ ਸਾਹਮਣਾ ਕੀਤਾ ਸੀ।
ਟਰੰਪ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਤੋਂ “ਬਹੁਤ ਖੁਸ਼ ਨਹੀਂ ਹਨ” ਕਿਉਂਕਿ ਵਾਸ਼ਿੰਗਟਨ ਨੇ ਰੂਸੀ ਤੇਲ ਦੀ ਖਰੀਦ ਕਾਰਨ ਭਾਰਤ ‘ਤੇ ਭਾਰੀ ਟੈਰਿਫ ਲਗਾਏ ਹਨ। ਟਰੰਪ ਨੇ ਇਹ ਦਾਅਵਾ ਵੀ ਕੀਤਾ ਕਿ ਮੋਦੀ ਨੇ ਉਨ੍ਹਾਂ ਨੂੰ ਮਿਲਣ ਦੀ ਬੇਨਤੀ ਕੀਤੀ ਸੀ। ਰਾਹੁਲ ਗਾਂਧੀ ਨੇ ਐਕਸ (X) ‘ਤੇ ਲਿਖਿਆ, “ਫਰਕ ਸਮਝੋ, ਸਰ ਜੀ!” ਅਤੇ ਆਪਣੀ ਉਹ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਉਨ੍ਹਾਂ ਇਲਜ਼ਾਮ ਲਾਇਆ ਸੀ ਕਿ ਭਾਰਤ-ਪਾਕਿਸਤਾਨ ਫੌਜੀ ਟਕਰਾਅ ਦੌਰਾਨ ਟਰੰਪ ਦੇ ਇੱਕ ਫੋਨ ਤੋਂ ਬਾਅਦ ਪੀਐਮ ਮੋਦੀ ਨੇ ਗੋਡੇ ਟੇਕ ਦਿੱਤੇ ਸਨ, ਜਦਕਿ 1971 ਦੀ ਜੰਗ ਵਿੱਚ ਅਮਰੀਕਾ ਦੇ ਸੱਤਵੇਂ ਬੇੜੇ (Seventh Fleet) ਭੇਜਣ ਦੇ ਬਾਵਜੂਦ ਇੰਦਰਾ ਗਾਂਧੀ ਨਹੀਂ ਝੁਕੀ ਸੀ।
ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵੀ ‘ਨਮਸਤੇ ਟਰੰਪ’ ਅਤੇ ‘ਹਾਊਡੀ ਮੋਦੀ’ ਵਰਗੇ ਪ੍ਰੋਗਰਾਮਾਂ ‘ਤੇ ਚੁਟਕੀ ਲੈਂਦਿਆਂ ਪੁੱਛਿਆ ਕਿ ਹੁਣ ਅੱਗੇ ਕੀ ਹੋਵੇਗਾ? ਟਰੰਪ ਨੇ ਭਾਰਤ ‘ਤੇ 50 ਫੀਸਦੀ ਟੈਕਸ ਲਗਾਇਆ ਹੈ ਅਤੇ ਅਪਾਚੇ ਹੈਲੀਕਾਪਟਰਾਂ ਦੀ ਸਪਲਾਈ ਵਿੱਚ ਦੇਰੀ ਦਾ ਵੀ ਜ਼ਿਕਰ ਕੀਤਾ ਹੈ।







