ਇੱਥੇ ਐਨ.ਸੀ.ਸੀ. (NCC) ਦੇ ਗਣਤੰਤਰ ਦਿਵਸ ਕੈਂਪ ਨੂੰ ਸੰਬੋਧਨ ਕਰਦਿਆਂ ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ‘ਆਪਰੇਸ਼ਨ ਸਿੰਧੂਰ’ ਨੂੰ ਭਾਰਤ ਦੇ ਦ੍ਰਿੜ ਇਰਾਦੇ ਅਤੇ ਪੇਸ਼ੇਵਰ ਉੱਤਮਤਾ ਦਾ ਪ੍ਰਤੀਕ ਦੱਸਿਆ ਹੈ।
ਉਨ੍ਹਾਂ ਕਿਹਾ ਕਿ ਇਹ ਆਪਰੇਸ਼ਨ ਨਾ ਸਿਰਫ਼ ਭਾਰਤੀ ਹਥਿਆਰਬੰਦ ਬਲਾਂ ਦੀ ਨੈਤਿਕ ਸ਼ਕਤੀ ਨੂੰ ਦਰਸਾਉਂਦਾ ਹੈ, ਸਗੋਂ ਸਾਡੇ ਨੌਜਵਾਨਾਂ ਦੇ ਜਜ਼ਬੇ ਦਾ ਵੀ ਪ੍ਰਮਾਣ ਹੈ।
ਫੌਜ ਮੁਖੀ ਨੇ ਗੁਆਂਢੀ ਦੇਸ਼ ਪਾਕਿਸਤਾਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਆਪਰੇਸ਼ਨ ਸਿੰਧੂਰ ਅਜੇ ਜਾਰੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਦੁਸ਼ਮਣ ਵੱਲੋਂ ਕੋਈ ਵੀ ਗਲਤੀ ਜਾਂ ਦੁਸ਼ਾਹਸ ਕੀਤਾ ਜਾਂਦਾ ਹੈ, ਤਾਂ ਭਾਰਤੀ ਫੌਜ ਉਸ ਦਾ ਬੜੀ ਦ੍ਰਿੜਤਾ ਨਾਲ ਜਵਾਬ ਦੇਵੇਗੀ।
ਉਨ੍ਹਾਂ ਕਿਹਾ ਕਿ ਭਾਰਤੀ ਫੌਜ ਨੇ ਆਪਣੀਆਂ ਰਣਨੀਤਕ ਧਾਰਨਾਵਾਂ ਨੂੰ ਬਦਲ ਦਿੱਤਾ ਹੈ ਅਤੇ ਹੁਣ ਅਸੀਂ ਦੁਸ਼ਮਣ ਦੇ ਘਰ ਵਿੱਚ ਵੜ ਕੇ ਮਾਰਨ ਦੀ ਸਮਰੱਥਾ ਰੱਖਦੇ ਹਾਂ।
ਜਨਰਲ ਦਿਵੇਦੀ ਨੇ ਦੱਸਿਆ ਕਿ ਇਸ ਆਪਰੇਸ਼ਨ ਦੌਰਾਨ ਦੇਸ਼ ਭਰ ਦੇ 75,000 ਤੋਂ ਵੱਧ ਐਨ.ਸੀ.ਸੀ. ਕੈਡਿਟਾਂ ਨੇ ਵਾਲੰਟੀਅਰ ਵਜੋਂ ਸਿਵਲ ਡਿਫੈਂਸ, ਹਸਪਤਾਲ ਪ੍ਰਬੰਧਨ ਅਤੇ ਰਾਹਤ ਕਾਰਜਾਂ ਵਿੱਚ ਵੱਡਮੁੱਲਾ ਯੋਗਦਾਨ ਪਾਇਆ।
ਉਨ੍ਹਾਂ ਨੌਜਵਾਨਾਂ ਨੂੰ ‘ਵਿਕਸਿਤ ਭਾਰਤ 2047’ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਭਵਿੱਖ ‘ਸਭਿਅਤਾ ਦੀ ਆਤਮ-ਨਿਰਭਰਤਾ’ ਦੀ ਮੰਗ ਕਰਦਾ ਹੈ, ਜਿਸ ਲਈ ਤਕਨਾਲੋਜੀ ਅਤੇ ਨਵੀਨਤਾ (Innovation) ਵਿੱਚ ਸਵੈ-ਨਿਰਭਰ ਹੋਣਾ ਜ਼ਰੂਰੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਪਰੈਲ ਵਿੱਚ ਪਹਿਲਗਾਮ ਵਿੱਚ ਹੋਏ ਭਿਆਨਕ ਅਤਿਵਾਦੀ ਹਮਲੇ, ਜਿਸ ਵਿੱਚ 26 ਬੇਗੁਨਾਹ ਨਾਗਰਿਕ ਮਾਰੇ ਗਏ ਸਨ, ਦੇ ਜਵਾਬ ਵਿੱਚ ਭਾਰਤੀ ਫੌਜ ਨੇ 7 ਮਈ ਦੀ ਸਵੇਰ ਨੂੰ ‘ਆਪਰੇਸ਼ਨ ਸਿੰਧੂਰ’ ਚਲਾਇਆ ਸੀ। ਇਸ ਕਾਰਵਾਈ ਦੌਰਾਨ ਭਾਰਤੀ ਸੈਨਾ ਨੇ ਸਰਹੱਦ ਪਾਰ ਜਾ ਕੇ ਅਤਿਵਾਦੀ ਢਾਂਚੇ ਨੂੰ ਤਬਾਹ ਕਰਦਿਆਂ ਘੱਟੋ-ਘੱਟ 100 ਅਤਿਵਾਦੀਆਂ ਨੂੰ ਢੇਰ ਕਰ ਦਿੱਤਾ ਸੀ।







