ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਚਾਰ ਹੋਰ ਵਿਅਕਤੀਆਂ ਦੀ ਬੁੱਧਵਾਰ ਸਵੇਰੇ ਪੁਣੇ ਜ਼ਿਲ੍ਹੇ ਵਿੱਚ ਇੱਕ ਜਹਾਜ਼ ਹਾਦਸੇ ਦੌਰਾਨ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਅਜੀਤ ਪਵਾਰ ਦਾ ਜਹਾਜ਼ ਪੁਣੇ ਦੇ ਬਾਰਾਮਤੀ ਇਲਾਕੇ ਵਿੱਚ ਲੈਂਡ ਕਰ ਰਿਹਾ ਸੀ। ਖ਼ਬਰਾਂ ਮੁਤਾਬਕ ਉਪ ਮੁੱਖ ਮੰਤਰੀ ਅਜੀਤ ਪਵਾਰ ਕਿਸੇ ਪ੍ਰੋਗਰਾਮ ਲਈ ਬਾਰਾਮਤੀ ਜਾ ਰਹੇ ਸਨ। ਵੇਰਵਿਆਂ ਅਨੁਸਾਰ ਲੈਂਡਿੰਗ ਸਮੇਂ ਇਹ ਜਹਾਜ਼ ਹਾਦਸਾ ਹੋਇਆ ਹੈ।
ਅਜੀਤ ਪਵਾਰ ਦੀ ਦੁਖਦਾਈ ਮੌਤ ਦੇ ਵੱਖ-ਵੱਖ ਸਿਆਸੀ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਭਲਕੇ ਉਨ੍ਹਾਂ ਦੇ ਸਸਕਾਰ ਵਿੱਚ ਸ਼ਾਮਲ ਹੋ ਸਕਦੇ ਹਨ।
ਉਧਰ ਕੇਂਦਰੀ ਹਵਾਬਾਜ਼ੀ ਮੰਤਰੀ ਕੇ.ਰਾਮਮੋਹਨ ਨਾਇਡੂ ਨੇ ਕਿਹਾ ਕਿ ਮੁੱਢਲੀ ਜਾਂਚ ਮੁਤਾਬਕ, ਹਾਦਸੇ ਮੌਕੇ ਬਾਰਾਮਤੀ ਹਵਾਈ ਅੱਡੇ ਦਿਸਣ ਹੱਦ ਘੱਟ ਸੀ। ਉਨ੍ਹਾਂ ਕਿਹਾ ਕਿ ਡੀਜੀਸੀਏ ਅਤੇ ਏਏਆਈਵੀ ਦੀਆਂ ਟੀਮਾਂ ਜਾਂਚ ਲਈ ਮੌਕੇ ਉੱਤੇ ਪਹੁੰਚ ਗਈਆਂ ਹਨ। ਉਨ੍ਹਾਂ ਕਿਹਾ, “ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਹਵਾਈ ਜਹਾਜ਼ ਵੱਲੋਂ ਲੈਡਿੰਗ ਦੀ ਕੋਸ਼ਿਸ਼ ਮੌਕੇ ਦਿਸਣਹੱਦ ਘੱਟ ਸੀ।
ਡੀ ਜੀ ਸੀ ਏ (ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ) ਦੇ ਇੱਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਲੀਅਰਜੈੱਟ 45 (Learjet 45) ਜਹਾਜ਼ ਵਿੱਚ ਹਾਦਸੇ ਸਮੇਂ ਪੰਜ ਲੋਕ ਸਵਾਰ ਸਨ—ਜਿਨ੍ਹਾਂ ਵਿੱਚ ਉਪ ਮੁੱਖ ਮੰਤਰੀ ਅਜੀਤ ਪਵਾਰ, ਦੋ ਹੋਰ ਕਰਮਚਾਰੀ (ਇੱਕ ਪੀ.ਐਸ.ਓ. ਅਤੇ ਇੱਕ ਸਹਾਇਕ) ਅਤੇ ਦੋ ਚਾਲਕ ਦਲ ਦੇ ਮੈਂਬਰ (ਪਾਇਲਟ ਇਨ-ਕਮਾਂਡ ਅਤੇ ਫਸਟ ਅਫਸਰ) ਸ਼ਾਮਲ ਸਨ। ਅਧਿਕਾਰੀ ਮੁਤਾਬਕ ਜਹਾਜ਼ ਵਿੱਚ ਸਵਾਰ ਕਿਸੇ ਵੀ ਵਿਅਕਤੀ ਦੀ ਜਾਨ ਨਹੀਂ ਬਚ ਸਕੀ ਹੈ ਅਤੇ ਡੀ.ਜੀ.ਸੀ.ਏ. ਦੇ ਅਧਿਕਾਰੀਆਂ ਦੀ ਇੱਕ ਟੀਮ ਹਾਦਸੇ ਵਾਲੀ ਥਾਂ ਵੱਲ ਰਵਾਨਾ ਹੋ ਗਈ ਹੈ।
ਪਵਾਰ ਦਾ ਜਹਾਜ਼ ਹਾਦਸਾਗ੍ਰਸਤ ਹੋਣ ਤੋਂ ਬਾਅਦ ਹੋਏ ਜ਼ਬਰਦਸਤ ਧਮਾਕੇ: ਚਸ਼ਮਦੀਦ
ਚਸ਼ਮਦੀਦਾਂ ਅਨੁਸਾਰ, ਜਹਾਜ਼ ਹਵਾ ਵਿੱਚ ਹੀ ਅਸੰਤੁਲਿਤ ਦਿਖਾਈ ਦੇ ਰਿਹਾ ਸੀ ਅਤੇ ਜਿਵੇਂ ਹੀ ਇਹ ਰਨਵੇਅ ਨੇੜੇ ਪਹੁੰਚਿਆ, ਜ਼ੋਰਦਾਰ ਧਮਾਕੇ ਨਾਲ ਜ਼ਮੀਨ ’ਤੇ ਜਾ ਡਿੱਗਿਆ। ਇਕ ਮਹਿਲਾ ਚਸ਼ਮਦੀਦ ਨੇ ਦੱਸਿਆ ਕਿ ਜਹਾਜ਼ ਨੇ ਹਵਾਈ ਅੱਡੇ ਦੇ ਉੱਪਰ ਚੱਕਰ ਲਗਾਇਆ, ਪਰ ਲੈਂਡਿੰਗ ਵੇਲੇ ਇਹ ਟੇਢਾ ਹੋ ਕੇ ਜ਼ਮੀਨ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਲਗਾਤਾਰ ਚਾਰ-ਪੰਜ ਧਮਾਕੇ ਹੋਏ ਅਤੇ ਹਰ ਪਾਸੇ ਅੱਗ ਦੀਆਂ ਲਪਟਾਂ ਫੈਲ ਗਈਆਂ।
ਫਲਾਈਟ ਰਡਾਰ ਅਨੁਸਾਰ, ਇਸ ਜਹਾਜ਼ ਨੇ ਸਵੇਰੇ 8:10 ਵਜੇ ਮੁੰਬਈ ਤੋਂ ਉਡਾਣ ਭਰੀ ਸੀ ਅਤੇ 8:45 ਵਜੇ ਇਸ ਦਾ ਰਡਾਰ ਨਾਲੋਂ ਸੰਪਰਕ ਟੁੱਟ ਗਿਆ, ਜਦਕਿ 8:50 ਵਜੇ ਇਹ ਹਾਦਸਾ ਵਾਪਰਿਆ। ਅਜੀਤ ਪਵਾਰ 5 ਫਰਵਰੀ ਨੂੰ ਹੋਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਚੋਣਾਂ ਦੇ ਪ੍ਰਚਾਰ ਲਈ ਮੁੰਬਈ ਤੋਂ ਬਾਰਾਮਤੀ ਜਾ ਰਹੇ ਸਨ। ਐੱਸਪੀ ਸੰਦੀਪ ਸਿੰਘ ਗਿੱਲ ਨੇ ਦੱਸਿਆ ਕਿ ਹਾਦਸੇ ਤੋਂ ਤੁਰੰਤ ਬਾਅਦ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਸਨ ਅਤੇ ਲਾਸ਼ਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ, ਜਦਕਿ ਪੁਲੀਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਜਾਂਚ ਵਿੱਚ ਜੁਟੀਆਂ ਹੋਈਆਂ ਹਨ।







