ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ’ਤੇ ਬੁੱਧਵਾਰ ਨੂੰ ਆਵਾਜਾਈ ਪੂਰੀ ਤਰ੍ਹਾਂ ਬਹਾਲ ਕਰ ਦਿੱਤੀ ਗਈ ਹੈ। ਭਾਰੀ ਬਰਫ਼ਬਾਰੀ ਕਰਕੇ ਸ਼ਾਹਰਾਹ ਨੂੰ ਇਕ ਦਿਨ ਲਈ ਵਾਹਨਾਂ ਦੀ ਆਵਾਜਾਈ ਲਈ ਬੰਦ ਕਰਨਾ ਪਿਆ ਸੀ। ਅਧਿਕਾਰੀ ਨੇ ਕਿਹਾ ਕਿ 270 ਕਿਲੋਮੀਟਰ ਲੰਮੇ ਸ਼ਾਹਰਾਹ ਨੂੰ ਟਰੱਕਾਂ ਸਣੇ ਭਾਰੀ ਮੋਟਰ ਵਾਹਨਾਂ ਲਈ ਖੋਲ੍ਹ ਦਿੱਤਾ ਹੈ। ਇਹ ਸ਼ਾਹਰਾਹ ਪੂਰ ਦੇਸ਼ ਨੂੰ ਕਸ਼ਮੀਰ ਵਾਦੀ ਨਾਲ ਜੋੜਦਾ ਹੈ।
ਅਧਿਕਾਰੀ ਨੇ ਕਿਹਾ, ‘‘ਹਾਈਵੇਅ ’ਤੇ ਆਵਾਜਾਈ ਪੂਰੀ ਤਰ੍ਹਾਂ ਬਹਾਲ ਕਰ ਦਿੱਤੀ ਹੈ। ਦੋਵਾਂ ਦਿਸ਼ਾਵਾਂ ’ਚ ਆਵਾਜਾਈ ਖੋਲ੍ਹ ਦਿੱਤੀ ਹੈ।’’ ਇਸ ਤੋਂ ਪਹਿਲਾਂ ਅੱਜ ਦਿਨੇ ਸਿਰਫ਼ ਹਲਕੇ ਮੋਟਰ ਵਾਹਨਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ।
ਅਧਿਕਾਰੀਆਂ ਅਨੁਸਾਰ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਦੇ ਕਰਮਚਾਰੀਆਂ ਨੇ ਠੰਢ ਤੋਂ ਬਚਾਅ ਤੇ ਸੜਕ ’ਤੇ ਸੁਰੱਖਿਅਤ ਡਰਾਈਵਿੰਗ ਯਕੀਨੀ ਬਣਾਉਣ ਲਈ ਨਮਕ ਅਤੇ ਯੂਰੀਆ ਛਿੜਕਿਆ। ਸ਼ਾਹਰਾਹ ਦਾ ਮੁੜ ਖੁੱਲ੍ਹਣਾ ਲੋਕਾਂ ਖਾਸ ਕਰਕੇ ਸੈਲਾਨੀਆਂ ਲਈ ਵੱਡੀ ਰਾਹਤ ਵਾਲੀ ਖ਼ਬਰ ਹੈ, ਜੋ ਖਰਾਬ ਮੌਸਮ ਕਾਰਨ ਵਾਦੀ ਵਿੱਚ ਫਸੇ ਹੋਏ ਸਨ।
ਮੰਗਲਵਾਰ ਨੂੰ ਕਸ਼ਮੀਰ ਦੇ ਬਹੁਤੇ ਹਿੱਸਿਆਂ ਵਿਚ ਬਰਫ਼ਬਾਰੀ ਹੋਈ ਸੀ, ਜਿਸ ਕਰਕੇ ਹਾਈਵੇਅ ’ਤੇ ਵਾਹਨਾਂ ਦੀ ਆਵਾਜਾਈ ਤੇ ਸ੍ਰੀਨਗਰ ਹਵਾਈ ਅੱਡੇ ’ਤੇ ਉਡਾਣਾਂ ਦੇ ਸੰਚਾਲਨ ’ਤੇ ਅਸਰ ਪਿਆ ਸੀ।






