ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦਿਆਰਥੀਆਂ ਦੇ ਪ੍ਰੀਖਿਆਵਾਂ ਵਿਚਲੇ ਤਣਾਅ ਨੂੰ ਦੂਰ ਕਰਨ ਲਈ ‘ਪ੍ਰੀਖਿਆ ਪੇ ਚਰਚਾ’ ਦਾ ਨੌਵਾਂ ਐਡੀਸ਼ਨ ਕਰਵਾਇਆ ਗਿਆ ਜਿਸ ਦੌਰਾਨ ਚੰਡੀਗੜ੍ਹ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-20 ਦੀ ਨੌਵੀਂ ਜਮਾਤ ਦੀ ਵਿਦਿਆਰਥਣ ਅਨੰਨਿਆ ਸ਼ਰਮਾ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੀ। ਅਨੰਨਿਆ ਸ਼ਰਮਾ ਦੀ ਚੋਣ ਚੰਡੀਗੜ੍ਹ ਦੇ ਇਕ ਲੱਖ ਤੋਂ ’ਤੇ ਵਿਦਿਆਰਥੀਆਂ ਵਿਚੋਂ ਕੀਤੀ ਗਈ । ਇਸ ਤੋਂ ਇਲਾਵਾ ਚੰਡੀਗੜ੍ਹ ਦੇ ਸੈਕਟਰ-32 ਦੇ ਇਕ ਸਕੂਲ ਦੇ ਵਿਦਿਆਰਥੀ ਦੀ ਵੀ ਚੋਣ ਪ੍ਰੀਕਸ਼ਾ ਪੇ ਚਰਚਾ ਲਈ ਹੋਈ । ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਵਿਚ ਤਣਾਅ ਨੂੰ ਘਟਾਉਣ ਲਈ ਪ੍ਰੇਰਨਾਦਾਇਕ ਗੱਲਾਂ ਕਹੀਆਂ।
ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਆਪਣੇ ਆਪ ’ਤੇ ਭਰੋਸਾ ਕਰੋ ਅਤੇ ਰਾਹ ਵਿਚ ਆਉਣ ਵਾਲੀਆਂ ਸਾਰੀਆਂ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰੋ ਤੇ ਹਮੇਸ਼ਾ ਹਾਂਪੱਖੀ ਕਿਰਦਾਰ ਨਿਭਾਓ। ਸ੍ਰੀ ਮੋਦੀ ਨੇ ਕਿਹਾ ਕਿ ਜ਼ਿੰਦਗੀ ਵਿਚ ਹਰ ਚੀਜ਼ ਵਿਚ ਸੰਤੁਲਨ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਇਕ ਪਾਸੇ ਜ਼ਿਆਦਾ ਝੁਕਦੇ ਹੋ ਤਾਂ ਜਲਦੀ ਡਿੱਗ ਜਾਓਗੇ ਪਰ ਪੜ੍ਹਾਈ ਤੇ ਹੋਰ ਗਤੀਵਿਧੀਆਂ ਵਿਚ ਸੰਤੁਲਨ ਬਣਾ ਕੇ ਚੱਲੋ।
ਚੰਡੀਗੜ੍ਹ ਦੀ ਅਨੰਨਿਆ ਸ਼ਰਮਾ ਨੇ ਦੱਸਿਆ ਕਿ ਉਸ ਦੀ ਚੋਣ ਸਖਤ ਮੁਕਾਬਲੇ ਵਿਚ ਹੋਈ ਤੇ ਉਸ ਨੂੰ ਪਹਿਲਾਂ 17 ਜਨਵਰੀ ਨੂੰ ਸੱਦਿਆ ਗਿਆ ਤੇ ਮੁੜ ਉਸ ਨਾਲ 19 ਜਨਵਰੀ ਨੂੰ ਗੱਲਬਾਤ ਕਰ ਕੇ ਕਈ ਸਵਾਲ ਪੁੱਛੇ ਗਏ। ਇਸ ਤੋਂ ਬਾਅਦ ਉਹ ਨਵੀਂ ਦਿੱਲੀ ਗਈ ਤੇ ਉਥੇ ਕਈ ਵਿਦਿਆਰਥੀਆਂ ਨਾਲ ਪ੍ਰਧਾਨ ਮੰਤਰੀ ਨੇ ਗੱਲਬਾਤ ਕੀਤੀ। ਅਨੰਨਿਆ ਸ਼ਰਮਾ ਨੇ ਦੱਸਿਆ ਕਿ ਉਸ ਨੂੰ ਅੱਜ ਸਰਕਾਰੀ ਸਕੂਲ ਵਿਚ ਸੱਦ ਕੇ ਪ੍ਰੋਗਰਾਮ ਦਿਖਾਇਆ ਗਿਆ। ਉਸ ਨੇ ਦੱਸਿਆ ਕਿ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਵਲੋਂ ਬਣਾਇਆ ਬੈਗ ਦਿੱਤਾ ਤੇ ਫੁੱਲ ਭੇਟ ਕੀਤੇ। ਇਹ ਵੀ ਪਤਾ ਲੱਗਿਆ ਹੈ ਕਿ ਪ੍ਰਧਾਨ ਮੰਤਰੀ ਨੇ ਇਹ ਗਿਫਟ ਲੈਣ ਤੋਂ ਬਾਅਦ ਅਨੰਨਿਆ ਦੀ ਸ਼ਲਾਘਾ ਵੀ ਕੀਤੀ।







