ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਪਿੰਡ ਘਲੋਟੀ ਇਕਾਈ ਦੇ ਪ੍ਰਧਾਨ ਪਰਮਵੀਰ ਸਿੰਘ ਘਲੋਟੀ ਨੂੰ ਸਾਥੀਆਂ ਸਮੇਤ ਪੁਲੀਸ ਵੱਲੋਂ ਘਰ ਵਿੱਚ ਹੀ ਨਜ਼ਰਬੰਦ ਕੀਤਾ ਗਿਆ।
ਪ੍ਰਧਾਨ ਪਰਮਵੀਰ ਸਿੰਘ ਘਲੋਟੀ ਅਤੇ ਰਮਨਦੀਪ ਸਿੰਘ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅੱਜ 6 ਫਰਵਰੀ ਨੂੰ ਬਠਿੰਡਾ ਵਿਚ ਡੀਸੀ ਦਫਤਰ ਦਾ ਘਿਰਾਓ ਕੀਤਾ ਜਾਣਾ ਸੀ, ਕਿਉਂਕਿ ਜਥੇਬੰਦੀ ਦੇ ਦੋ ਆਗੂ ਸ਼ਗਨਦੀਪ ਸਿੰਘ ਜਿਉਂਦ ਅਤੇ ਬਲਦੇਵ ਸਿੰਘ ਚੌਂਕੇ ਨੂੰ 8-9 ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ। ਉਨ੍ਹਾਂ ਨੂੰ ਰਿਹਾਅ ਕਰਵਾਉਣ ਲਈ ਅੱਜ ਵੱਡਾ ਇਕੱਠ ਕਰਕੇ ਡੀਸੀ ਦਫਤਰ ਬਠਿੰਡਾ ਦਾ ਘਿਰਾਓ ਕੀਤਾ ਜਾਣਾ ਸੀ।
ਪਰ ਅੱਜ ਸਵੇਰੇ ਤੜਕਸਾਰ ਹੀ ਪੁਲੀਸ ਪ੍ਰਸ਼ਾਸਨ ਵੱਲੋਂ ਪਰਮਵੀਰ ਸਿੰਘ ਘਲੋਟੀ ਨੂੰ ਗ੍ਰਿਫ਼ਤਾਰ ਕਰਨ ਲਈ ਘਰ ਛਾਪੇਮਾਰੀ ਕੀਤੀ ਗਈ। ਇਸ ਦੀ ਭਿਣਕ ਪਿੰਡ ਵਾਸੀਆਂ ਨੂੰ ਲੱਗੀ ਜਿਸ ’ਤੇ ਪਿੰਡ ਵਾਸੀਆਂ ਦਾ ਪਰਮਵੀਰ ਸਿੰਘ ਘਲੋਟੀ ਦੇ ਘਰ ਦੇ ਬਾਹਰ ਵੱਡਾ ਇਕੱਠ ਹੋ ਗਿਆ ਅਤੇ ਗ੍ਰਿਫਤਾਰੀ ਕਰਨ ਦਾ ਤਿੱਖਾ ਵਿਰੋਧ ਕੀਤਾ ਗਿਆ, ਜਿਸ ‘ਤੇ ਪੁਲੀਸ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਇਕੱਠ ਵਿੱਚ ਗ੍ਰਿਫ਼ਤਾਰ ਨਾ ਕਰਨ ਦਾ ਭਰੋਸਾ ਦਿੱਤਾ ਗਿਆ ਅਤੇ ਘਰ ਵਿੱਚ ਹੀ ਨਜ਼ਰਬੰਦ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਘਲੋਟੀ ਦੇ ਕਿਸਾਨ ਇਕੱਠੇ ਹੋਏ ਅਤੇ ਪੁਲੀਸ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਗੁੱਸਾ ਜ਼ਾਹਰ ਕਰਦੇ ਹੋਏ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੁਰਜੀਤ ਸਿੰਘ, ਰਾਜਵੰਤ ਸਿੰਘ ਪੱਪੂ, ਦਵਿੰਦਰ ਸਿੰਘ, ਗੁਰੀ ਘਲੋਟੀ ਵੀ ਮੌਜੂਦ ਸਨ।







