ਮੁੱਖ ਮੰਤਰੀ ਉਮਰ ਅਬਦੁੱਲਾ ਵੱਲੋਂ ਵਿਧਾਨ ਸਭਾ ਵਿੱਚ ਮੁੱਦਾ ਚੁੱਕੇ ਜਾਣ ਤੋਂ ਬਾਅਦ ਉਪ ਰਾਜਪਾਲ ਮਨੋਜ ਸਿਨਹਾ ਨੇ ਸੋਮਵਾਰ ਨੂੰ ਕਸ਼ਮੀਰ ਅਤੇ ਜੰਮੂ ਖੇਤਰ ਦੇ 14 ਸਥਾਨਾਂ ਨੂੰ ਮੁੜ ਖੋਲ੍ਹਣ ਦੇ ਹੁਕਮ ਦਿੱਤੇ ਹਨ।
ਇੱਕ ਬਿਆਨ ਵਿੱਚ ਉਪ ਰਾਜਪਾਲ ਨੇ ਕਿਹਾ ਕਿ ਪੂਰੀ ਸੁਰੱਖਿਆ ਸਮੀਖਿਆ ਅਤੇ ਚਰਚਾ ਤੋਂ ਬਾਅਦ, ਉਨ੍ਹਾਂ ਨੇ ਕਸ਼ਮੀਰ ਅਤੇ ਜੰਮੂ ਡਿਵੀਜ਼ਨਾਂ ਵਿੱਚ ਹੋਰ ਸੈਰ-ਸਪਾਟਾ ਸਥਾਨਾਂ ਨੂੰ ਮੁੜ ਖੋਲ੍ਹਣ ਦਾ ਹੁਕਮ ਦਿੱਤਾ ਹੈ, ਜੋ ਇਹਤਿਆਤ ਵਜੋਂ ਅਸਥਾਈ ਤੌਰ ‘ਤੇ ਬੰਦ ਕੀਤੇ ਗਏ ਸਨ।
ਕਸ਼ਮੀਰ ਡਿਵੀਜ਼ਨ ਦੇ 11 ਸੈਰ-ਸਪਾਟਾ ਸਥਾਨਾਂ ਜਿਨ੍ਹਾਂ ਵਿੱਚ ਬਡਗਾਮ ਵਿੱਚ ਯੂਸਮਰਗ, ਦੂਧਪਥਰੀ, ਕੋਕਰਨਾਗ ਵਿੱਚ ਦਾਂਡੀਪੋਰਾ ਪਾਰਕ, ਪੀਰ ਕੀ ਗਲੀ, ਸ਼ੋਪੀਆਂ ਵਿੱਚ ਦੁਬਜਾਨ ਅਤੇ ਪਦਪਾਵਨ, ਅਸਤਾਨਪੋਰਾ, ਸ੍ਰੀਨਗਰ ਵਿੱਚ ਟਿਊਲਿਪ ਗਾਰਡਨ, ਥਾਜੀਵਾਸ ਗਲੇਸ਼ੀਅਰ, ਗੰਦਰਬਲ ਵਿੱਚ ਹੰਗ ਪਾਰਕ ਅਤੇ ਬਾਰਾਮੂਲਾ ਵਿੱਚ ਵੁਲਰ/ਵਾਟਲਬ ਸ਼ਾਮਲ ਹਨ, ਨੂੰ ਤੁਰੰਤ ਮੁੜ ਖੋਲ੍ਹ ਦਿੱਤਾ ਜਾਵੇਗਾ।
ਦੂਜੇ ਪਾਸੇ ਜੰਮੂ ਡਿਵੀਜ਼ਨ ਦੇ ਤਿੰਨ ਸੈਰ-ਸਪਾਟਾ ਸਥਾਨਾਂ ਜਿਨ੍ਹਾਂ ਵਿੱਚ ਰਿਆਸੀ ਵਿੱਚ ਦੇਵੀ ਪਿੰਡੀ, ਰਾਮਬਨ ਵਿੱਚ ਮਹੂ ਮੰਗਤ ਅਤੇ ਕਿਸ਼ਤਵਾੜ ਵਿੱਚ ਮੁਗਲ ਮੈਦਾਨ ਸ਼ਾਮਲ ਹਨ, ਨੂੰ ਵੀ ਤੁਰੰਤ ਮੁੜ ਖੋਲ੍ਹ ਦਿੱਤਾ ਜਾਵੇਗਾ।
ਕਸ਼ਮੀਰ ਡਿਵੀਜ਼ਨ ਦੇ ਤਿੰਨ ਸਥਾਨਾਂ – ਗੁਰੇਜ਼, ਅਥਵਾਟੂ, ਬੰਗਸ ਅਤੇ ਜੰਮੂ ਖੇਤਰ ਦੇ ਇੱਕ ਸਥਾਨ – ਰਾਮਬਨ ਵਿੱਚ ਰਾਮਕੁੰਡ ਨੂੰ ਬਰਫ਼ ਸਾਫ਼ ਹੋਣ ਤੋਂ ਬਾਅਦ ਮੁੜ ਖੋਲ੍ਹਿਆ ਜਾਵੇਗਾ।
ਮੁੱਖ ਮੰਤਰੀ ਉਮਰ ਅਬਦੁੱਲਾ ਨੇ 5 ਫਰਵਰੀ ਨੂੰ ਵਿਧਾਨ ਸਭਾ ਵਿੱਚ ਕਿਹਾ ਸੀ ਕਿ ਇਨ੍ਹਾਂ ਨੂੰ ਮੁੜ ਖੋਲ੍ਹਣ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਮੁੱਦੇ ‘ਤੇ ਕੇਂਦਰ ਸਰਕਾਰ ਨਾਲ ਚਰਚਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਹ ਬਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜੰਮੂ ਦੌਰੇ ਤੋਂ ਪਹਿਲਾਂ ਦਿੱਤਾ ਸੀ।
ਉਮਰ ਕੋਲ ਸੈਰ-ਸਪਾਟਾ ਵਿਭਾਗ ਹੈ ਅਤੇ ਉਹ ਪ੍ਰਸ਼ਨ ਕਾਲ ਦੌਰਾਨ ਇੱਕ ਸਵਾਲ ਦਾ ਜਵਾਬ ਦੇ ਰਹੇ ਸਨ।
ਪਿਛਲੇ ਸਾਲ 22 ਅਪਰੈਲ ਨੂੰ ਪਹਿਲਗਾਮ ਵਿੱਚ ਅਤਿਵਾਦੀਆਂ ਵੱਲੋਂ 26 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਤੋਂ ਬਾਅਦ ਕਈ ਸੈਰ-ਸਪਾਟਾ ਸਥਾਨ ਬੰਦ ਕਰ ਦਿੱਤੇ ਗਏ ਸਨ। ਜਦੋਂ ਕਿ ਸਤੰਬਰ ਵਿੱਚ ਇੱਕ ਦਰਜਨ ਤੋਂ ਵੱਧ ਸਥਾਨਾਂ ਨੂੰ ਮੁੜ ਖੋਲ੍ਹਿਆ ਗਿਆ ਸੀ, ਪਰ ਕਈ ਅਜੇ ਵੀ ਬੰਦ ਹਨ।







