ਬੰਗਲਾਦੇਸ਼ ਵਿੱਚ ਇੱਕ ਵੱਡੀ ਸਿਆਸੀ ਤਬਦੀਲੀ ਦੇ ਨਾਲ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦੇ ਚੇਅਰਮੈਨ ਤਾਰਿਕ ਰਹਿਮਾਨ ਮੰਗਲਵਾਰ ਨੂੰ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। 60 ਸਾਲਾ ਰਹਿਮਾਨ ਦੀ ਅਗਵਾਈ ਹੇਠ ਪਾਰਟੀ ਨੇ ਆਮ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ, ਜਿੱਥੇ 297 ਵਿੱਚੋਂ 209 ਸੀਟਾਂ ’ਤੇ ਕਬਜ਼ਾ ਕਰਕੇ ਬਹੁਮਤ ਸਾਬਤ ਕੀਤਾ।
ਪੁਰਾਣੀ ਪਰੰਪਰਾ ਨੂੰ ਤੋੜਦਿਆਂ ਇਸ ਵਾਰ ਸਹੁੰ ਚੁੱਕ ਸਮਾਗਮ ਬੰਗ ਭਵਨ ਦੀ ਬਜਾਏ ਸੰਸਦ ਕੰਪਲੈਕਸ ਦੇ ਸਾਊਥ ਪਲਾਜ਼ਾ ਵਿੱਚ ਹੋਵੇਗਾ, ਜਿੱਥੇ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਦੁਪਹਿਰ 4 ਵਜੇ ਮੰਤਰੀ ਮੰਡਲ ਨੂੰ ਸਹੁੰ ਚੁੱਕਾਉਣਗੇ। ਭਾਰਤ ਵੱਲੋਂ ਲੋਕ ਸਭਾ ਸਪੀਕਰ ਓਮ ਬਿਰਲਾ ਇਸ ਇਤਿਹਾਸਕ ਪਲ ਦੇ ਗਵਾਹ ਬਣਨਗੇ, ਜੋ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਨਵੀਂ ਸ਼ੁਰੂਆਤ ਦਾ ਸੰਕੇਤ ਹੈ।
ਇਹ ਚੋਣਾਂ ਬੰਗਲਾਦੇਸ਼ ਲਈ ਬਹੁਤ ਅਹਿਮ ਰਹੀਆਂ ਹਨ, ਜੋ ਸ਼ੇਖ ਹਸੀਨਾ ਦੀ 15 ਸਾਲਾ ਸੱਤਾ ਦੇ ਪਤਨ ਅਤੇ ਅੰਤਰਿਮ ਸਰਕਾਰ ਦੇ ਕਾਰਜਕਾਲ ਤੋਂ ਬਾਅਦ ਹੋਈਆਂ। ਇਨ੍ਹਾਂ ਚੋਣਾਂ ਵਿੱਚ 59.44 ਫੀਸਦੀ ਵੋਟਿੰਗ ਹੋਈ, ਜਿਸ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਚਾਰ ਉਮੀਦਵਾਰਾਂ (ਦੋ ਹਿੰਦੂ ਅਤੇ ਦੋ ਬੌਧ) ਨੇ ਵੀ ਜਿੱਤ ਦਰਜ ਕੀਤੀ ਹੈ।
ਤਾਰਿਕ ਰਹਿਮਾਨ ਨੇ ਆਪਣੀ ਜਿੱਤ ਤੋਂ ਬਾਅਦ ਸਿਆਸੀ ਵਿਰੋਧੀਆਂ ਨਾਲ ਮੁਲਾਕਾਤ ਕਰਕੇ ਇੱਕ ਨਵੀਂ ਸਿਆਸੀ ਸਾਂਝ ਦਾ ਸੰਦੇਸ਼ ਦਿੱਤਾ ਹੈ। ਹੁਣ ਉਹ ਮੁਹੰਮਦ ਯੂਨਸ ਦੀ ਥਾਂ ਲੈਣਗੇ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੇ ਸ਼ਾਸਨ ਦੌਰਾਨ ਭਾਰਤ ਅਤੇ ਬੰਗਲਾਦੇਸ਼ ਦੇ ਰਿਸ਼ਤਿਆਂ ਵਿੱਚ ਆਈ ਕੁੜੱਤਣ ਦੂਰ ਹੋਵੇਗੀ ਅਤੇ ਖੇਤਰੀ ਸੁਰੱਖਿਆ ਤੇ ਸਥਿਰਤਾ ਨੂੰ ਮਜ਼ਬੂਤੀ ਮਿਲੇਗੀ।







