ਰੈਪਰ ਤੋਂ ਸਿਆਸਤਦਾਨ ਬਣੇ ਬਾਲੇਂਦਰ ਸ਼ਾਹ ਦੀ ਨਵੀਂ ਬਣਾਈ ਰਾਸ਼ਟਰੀ ਸਵਤੰਤਰ ਪਾਰਟੀ (ਆਰ ਐੱਸ ਪੀ) ਨੇ ਨੇਪਾਲ ਦੀਆਂ ਆਮ ਚੋਣਾਂ ਵਿੱਚ ਇਤਿਹਾਸਕ ਜਿੱਤ ਦਰਜ ਕਰਦਿਆਂ ਪੁਰਾਣੀਆਂ ਸਥਾਪਤ ਪਾਰਟੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਚੋਣ ਕਮਿਸ਼ਨ ਵੱਲੋਂ ਹੁਣ ਤੱਕ ਐਲਾਨੇ ਨਤੀਜਿਆਂ ਮੁਤਾਬਕ ਰਵੀ ਲਾਮੀਛਾਨੇ ਵੱਲੋਂ 2022 ’ਚ ਕਾਇਮ ਪਾਰਟੀ ਕੁੱਲ 165 ਵਿੱਚੋਂ 117 ਸੀਟਾਂ ਜਿੱਤ ਚੁੱਕੀ ਹੈ ਅਤੇ ਅੱਠ ਹੋਰ ਸੀਟਾਂ ’ਤੇ ਅੱਗੇ ਚੱਲ ਰਹੀ ਹੈ।
ਚੋਣ ਕਮਿਸ਼ਨ ਵੱਲੋਂ ਹੁਣ ਤੱਕ 165 ਵਿੱਚੋਂ 152 ਸੀਟਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਨੇਪਾਲੀ ਕਾਂਗਰਸ (ਐੱਨ ਸੀ) 17 ਸੀਟਾਂ ਜਿੱਤ ਕੇ ਦੂਜੇ ਸਥਾਨ ’ਤੇ ਹੈ, ਜਦਕਿ ਬਰਤਰਫ਼ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਦੀ ਕਮਿਊਨਿਸਟ ਪਾਰਟੀ ਆਫ ਨੇਪਾਲ (ਯੂਨੀਫਾਈਡ ਮਾਰਕਸਵਾਦੀ-ਲੈਨਿਨਵਾਦੀ) ਸਿਰਫ਼ ਸੱਤ ਸੀਟਾਂ ਹੀ ਜਿੱਤ ਸਕੀ ਹੈ ਅਤੇ ਤਿੰਨ ’ਤੇ ਅੱਗੇ ਚੱਲ ਰਹੀ ਹੈ। ਇਸ ਤੋਂ ਇਲਾਵਾ ਨੇਪਾਲ ਕਮਿਊਨਿਸਟ ਪਾਰਟੀ ਨੇ ਸੱਤ ਸੀਟਾਂ ਜਿੱਤੀਆਂ। ਸ਼੍ਰਮ ਸੰਸਕ੍ਰਿਤੀ ਪਾਰਟੀ ਨੇ ਦੋ ਸੀਟਾਂ ਜਿੱਤੀਆਂ ਹਨ ਤੇ ਦੋ ’ਤੇ ਅੱਗੇ ਚੱਲ ਰਹੀ ਹੈ, ਜਦਕਿ ਰਾਸ਼ਟਰੀ ਪ੍ਰਜਾਤੰਤਰ ਪਾਰਟੀ (ਆਰ ਪੀ ਪੀ) ਇੱਕ ਸੀਟ ’ਤੇ ਜੇਤੂ ਰਹੀ। ਜੇਤੂਆਂ ਵਿੱਚ ਇੱਕ ਆਜ਼ਾਦ ਉਮੀਦਵਾਰ ਵੀ ਸ਼ਾਮਲ ਹੈ।
ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਆਰ ਐੱਸ ਪੀ ਨੇ ਕਾਠਮੰਡੂ ਘਾਟੀ ਦੇ ਤਿੰਨ ਜ਼ਿਲ੍ਹਿਆਂ ਦੇ 15 ਹਲਕਿਆਂ ’ਚ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ। ਬਾਲੇਨ ਦੇ ਨਾਮ ਨਾਲ ਮਸ਼ਹੂੁਰ ਆਰ ਐੱਸ ਪੀ ਆਗੂ ਅਤੇ ਪ੍ਰਧਾਨ ਮੰਤਰੀ ਅਹੁਦੇ ਲਈ ਉਮੀਦਵਾਰ ਬਾਲੇਂਦਰ ਸ਼ਾਹ ਨੇ ਝਾਪਾ-5 ਹਲਕੇ ’ਚ ਕਮਿਊਨਿਸਟ ਪਾਰਟੀ ਆਫ ਨੇਪਾਲ (ਯੂਨੀਫਾਈਡ ਮਾਰਕਸਵਾਦੀ-ਲੈਨਿਨਵਾਦੀ) (ਸੀ ਪੀ ਐੱਨ-ਯੂ ਐੱਮ ਐੱਲ) ਦੇ ਪ੍ਰਧਾਨ ਅਤੇ ਚਾਰ ਵਾਰ ਪ੍ਰਧਾਨ ਮੰਤਰੀ ਰਹੇ ਕੇ ਪੀ ਸ਼ਰਮਾ ਓਲੀ ਨੂੰ ਲਗਪਗ 50,000 ਵੋਟਾਂ ਨਾਲ ਹਰਾਇਆ।
ਚੋਣ ਕਮਿਸ਼ਨ ਨੇ ਕਿਹਾ ਕਿ ਬਾਲੇਨ ਨੂੰ 68,348 ਵੋਟਾਂ ਮਿਲੀਆਂ, ਜਦਕਿ ਓਲੀ ਨੂੰ 18,734 ਵੋਟਾਂ ਪਈਆਂ। ਬਾਲੇਨ ਦੇ ਨੇਪਾਲ ਦਾ ਅਗਲਾ ਪ੍ਰਧਾਨ ਮੰਤਰੀ ਬਣਨ ਦੀ ਸੰਭਾਵਨਾ ਹੈ ਅਤੇ ਆਰ ਐੱਸ ਪੀ ਦੀ ਜਿੱਤ ਦੇਸ਼ ’ਚ ਸਥਾਪਤ ਪਾਰਟੀਆਂ ਨੂੰ ਲੋਕਾਂ ਵੱਲੋਂ ਨਕਾਰਨ ਦੀ ਸਥਿਤੀ ਨੂੰ ਦਰਸਾਉਂਦੀ ਹੈ। ਬਾਲੇਨ ਹਿਮਾਲਿਆਈ ਮੁਲਕ ਦੇ ਪਹਿਲੇ ਮਧੇਸ਼ੀ ਪ੍ਰਧਾਨ ਮੰਤਰੀ ਅਤੇ ਨੇਪਾਲ ਦੇ ਸੰਸਦੀ ਇਤਿਹਾਸ ਦੇ ਸਭ ਤੋਂ ਉਪਰਲੇ ਅਹੁਦੇ ’ਤੇ ਬੈਠਣ ਵਾਲੇ ਸਭ ਤੋਂ ਨੌਜਵਾਨ ਹੋਣਗੇ।






