West Asia Conflict: ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਦਰਮਿਆਨ ਤੇਲ ਦੀਆਂ ਕੀਮਤਾਂ ਵਿੱਚ ਮੰਗਲਵਾਰ ਨੂੰ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਜੰਗ ਜਲਦੀ ਖ਼ਤਮ ਹੋਣ ਦੀ ਭਵਿੱਖਬਾਣੀ ਕੀਤੇ ਜਾਣ ਤੋਂ ਬਾਅਦ ਕੌਮਾਂਤਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ 11% ਤੱਕ ਡਿੱਗ ਗਈਆਂ। ਇਸ ਤੋਂ ਇੱਕ ਦਿਨ ਪਹਿਲਾਂ ਸੋਮਵਾਰ ਨੂੰ ਤੇਲ ਦੀਆਂ ਕੀਮਤਾਂ 119 ਡਾਲਰ ਪ੍ਰਤੀ ਬੈਰਲ ਤੋਂ ਪਾਰ ਪਹੁੰਚ ਗਈਆਂ ਸਨ ਜੋ ਕਿ ਪਿਛਲੇ ਚਾਰ ਸਾਲਾਂ ਦਾ ਉੱਚਾ ਪੱਧਰ ਸੀ। ਇੱਕ ਚੋਟੀ ਦੇ ਇਰਾਨੀ ਸੁਰੱਖਿਆ ਅਧਿਕਾਰੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇੱਕ ਆਨਲਾਈਨ ਸੰਦੇਸ਼ ਰਾਹੀਂ ਸਿੱਧੀ ਧਮਕੀ ਦਿੱਤੀ ਹੈ। ਅਲੀ ਲਾਰੀਜਾਨੀ ਨੇ ਮੰਗਲਵਾਰ ਨੂੰ ‘X’ ‘ਤੇ ਇਹ ਸੰਦੇਸ਼ ਉਸ ਵੇਲੇ ਲਿਖਿਆ ਜਦੋਂ ਟਰੰਪ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਤਹਿਰਾਨ ਨੇ ਹੋਰਮੁਜ਼ ਦੇ ਜਲਡਮਰੂ ਰਾਹੀਂ ਤੇਲ ਦੀ ਸਪਲਾਈ ਪ੍ਰਭਾਵਿਤ ਕੀਤੀ, ਤਾਂ ਉਹ ਇਰਾਨ ‘ਤੇ “20 ਗੁਣਾ ਜ਼ਿਆਦਾ ਜ਼ੋਰਦਾਰ” ਹਮਲਾ ਕਰਨਗੇ। ਲਾਰੀਜਾਨੀ ਨੇ ਆਪਣੇ ਜਵਾਬ ਵਿੱਚ ਲਿਖਿਆ ਕਿ ਇਰਾਨ ਦੀ ਕੁਰਬਾਨੀ ਦੇਣ ਵਾਲੀ ਕੌਮ ਅਜਿਹੀਆਂ ਖੋਖਲੀਆਂ ਧਮਕੀਆਂ ਤੋਂ ਨਹੀਂ ਡਰਦੀ ਅਤੇ ਇਤਿਹਾਸ ਵਿੱਚ ਤੁਹਾਡੇ ਤੋਂ ਵੱਡੇ ਵੀ ਇਰਾਨ ਨੂੰ ਮਿਟਾ ਨਹੀਂ ਸਕੇ, ਇਸ ਲਈ ਸਾਵਧਾਨ ਰਹੋ ਕਿ ਕਿਤੇ ਤੁਸੀਂ ਖੁਦ ਹੀ ਖਤਮ ਨਾ ਹੋ ਜਾਓ। ਜ਼ਿਕਰਯੋਗ ਹੈ ਕਿ ਇਰਾਨ ‘ਤੇ ਪਹਿਲਾਂ ਵੀ ਟਰੰਪ ਦੀ ਹੱਤਿਆ ਦੀਆਂ ਸਾਜ਼ਿਸ਼ਾਂ ਰਚਣ ਦੇ ਇਲਜ਼ਾਮ ਲੱਗ ਚੁੱਕੇ ਹਨ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨਾਲ ਜਾਰੀ ਜੰਗ ਦੇ ਜਲਦੀ ਖ਼ਤਮ ਹੋਣ ਦੀ ਉਮੀਦ ਜਤਾਈ ਹੈ, ਪਰ ਨਾਲ ਹੀ ਇੱਕ ਸਖ਼ਤ ਚਿਤਾਵਨੀ ਵੀ ਦਿੱਤੀ ਹੈ। ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਸਾਫ਼ ਕੀਤਾ ਕਿ ਜੇਕਰ ਇਰਾਨ ਨੇ ‘ਹੋਰਮੁਜ਼ ਜਲਡਮਰੂ’ (Strait of Hormuz) ਰਾਹੀਂ ਹੋਣ ਵਾਲੀ ਤੇਲ ਦੀ ਸਪਲਾਈ ਵਿੱਚ ਕੋਈ ਵੀ ਰੁਕਾਵਟ ਪਾਈ, ਤਾਂ ਅਮਰੀਕਾ ਪਹਿਲਾਂ ਨਾਲੋਂ 20 ਗੁਣਾ ਜ਼ਿਆਦਾ ਤਾਕਤ ਨਾਲ ਜਵਾਬੀ ਹਮਲਾ ਕਰੇਗਾ। ਇਸ ਦੌਰਾਨ ਇਰਾਨ ਨੇ ਆਇਤੁੱਲਾ ਮੁਜਤਬਾ ਖ਼ਮੇਨੇਈ ਨੂੰ ਆਪਣਾ ਨਵਾਂ ਸੁਪਰੀਮ ਲੀਡਰ ਚੁਣ ਲਿਆ ਹੈ, ਜਿਸ ਨੂੰ ਆਪਣੇ ਪਿਤਾ ਨਾਲੋਂ ਵੀ ਵਧੇਰੇ ਕੱਟੜਪੰਥੀ ਮੰਨਿਆ ਜਾ ਰਿਹਾ ਹੈ।
ਟਰੰਪ ਨੇ ਇਸ ਜੰਗ ਨੂੰ ‘ਬੁਰਾਈ ਨੂੰ ਖ਼ਤਮ ਕਰਨ ਲਈ ਇੱਕ ਛੋਟੀ ਯਾਤਰਾ’ ਦੱਸਿਆ ਹੈ, ਜਦੋਂਕਿ ਇਰਾਨੀ ਫੌਜ ਨੇ ਪਲਟਵਾਰ ਕਰਦਿਆਂ ਕਿਹਾ ਹੈ ਕਿ ਜੰਗ ਕਦੋਂ ਖ਼ਤਮ ਹੋਣੀ ਹੈ, ਇਸ ਦਾ ਫੈਸਲਾ ਇਰਾਨ ਖੁਦ ਕਰੇਗਾ।
ਜੰਗ ਦੇ 10ਵੇਂ ਦਿਨ ਤੇਲ ਦੀਆਂ ਕੀਮਤਾਂ 2022 ਤੋਂ ਬਾਅਦ ਆਪਣੇ ਉੱਚ ਪੱਧਰ (120 ਡਾਲਰ ਪ੍ਰਤੀ ਬੈਰਲ) ’ਤੇ ਪਹੁੰਚ ਗਈਆਂ ਸਨ, ਹਾਲਾਂਕਿ ਬਾਅਦ ਵਿੱਚ ਜੰਗ ਜਲਦੀ ਖ਼ਤਮ ਹੋਣ ਦੀਆਂ ਉਮੀਦਾਂ ਕਾਰਨ ਕੀਮਤਾਂ ਵਿੱਚ ਗਿਰਾਵਟ ਦੇਖੀ ਗਈ। ਸੋਮਵਾਰ ਨੂੰ ਤੇਹਰਾਨ ਵਿੱਚ ਜੰਗ ਦੀ ਹੁਣ ਤੱਕ ਦੀ ਸਭ ਤੋਂ ਭਿਆਨਕ ਬੰਬਾਰੀ ਹੋਈ, ਜਿਸ ਵਿੱਚ ਇਜ਼ਰਾਈਲ ਨੇ ਕਈ ਅਹਿਮ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ।
ਦੂਜੇ ਪਾਸੇ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਟਰੰਪ ਨਾਲ ਫੋਨ ’ਤੇ ਗੱਲਬਾਤ ਕਰਕੇ ਇਸ ਸੰਕਟ ਦੇ ਕੂਟਨੀਤਕ ਹੱਲ ਲਈ ਕੁਝ ਸੁਝਾਅ ਪੇਸ਼ ਕੀਤੇ ਹਨ। ਇਰਾਨ ਵਿੱਚ ਨਵੇਂ ਸੁਪਰੀਮ ਲੀਡਰ ਦੇ ਸਮਰਥਨ ਵਿੱਚ ਹਜ਼ਾਰਾਂ ਲੋਕ ਸੜਕਾਂ ’ਤੇ ਉਤਰ ਆਏ ਹਨ, ਜਿਸ ਨਾਲ ਖੇਤਰ ਵਿੱਚ ਤਣਾਅ ਹੋਰ ਵਧਣ ਦਾ ਖਦਸ਼ਾ ਪੈਦਾ ਹੋ ਗਿਆ ਹੈ।






