ਦੇਸ਼ ਦੀ ਮੁੱਖ ਏਅਰਲਾਈਨ ਕੰਪਨੀ ਏਅਰ ਇੰਡੀਆ ਨੇ ਅੰਤਰਰਾਸ਼ਟਰੀ ਉਡਾਣਾਂ ਦੀਆਂ ਟਿਕਟਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਹਵਾਈ ਤੇਲ (Fuel) ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਟਿਕਟਾਂ ‘ਤੇ ਫਿਊਲ ਸਰਚਾਰਜ ਵਧਾਇਆ ਜਾ ਰਿਹਾ ਹੈ।
ਪੀ.ਟੀ.ਆਈ. (PTI) ਮੁਤਾਬਕ ਤੇਲ ਦੀਆਂ ਕੌਮਾਂਤਰੀ ਕੀਮਤਾਂ ਵਿੱਚ ਵਾਧੇ ਕਾਰਨ ਏਅਰਲਾਈਨ ਦੇ ਸੰਚਾਲਨ ਖਰਚੇ ਵਧ ਗਏ ਹਨ। ਇਸ ਕਾਰਨ ਹੁਣ ਵਿਦੇਸ਼ ਜਾਣ ਵਾਲੇ ਮੁਸਾਫ਼ਰਾਂ ਨੂੰ ਟਿਕਟਾਂ ਲਈ ਜੇਬ ਢਿੱਲੀ ਕਰਨੀ ਪਵੇਗੀ। ਇਹ ਵਾਧਾ ਵੱਖ-ਵੱਖ ਰੂਟਾਂ ਅਤੇ ਉਡਾਣ ਦੀ ਦੂਰੀ ਦੇ ਹਿਸਾਬ ਨਾਲ ਵੱਖ-ਵੱਖ ਹੋ ਸਕਦਾ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਜੋ ਅਸਥਿਰਤਾ ਆਈ ਹੈ, ਉਸੇ ਦਾ ਅਸਰ ਹੁਣ ਹਵਾਈ ਕਿਰਾਇਆਂ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਏਅਰ ਇੰਡੀਆ ਤੋਂ ਬਾਅਦ ਹੋਰਨਾਂ ਏਅਰਲਾਈਨਾਂ ਵੱਲੋਂ ਵੀ ਅਜਿਹੇ ਕਦਮ ਚੁੱਕੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।






