ਦਿੱਲੀ ਦੇ ਨਵ-ਨਿਯੁਕਤ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਦੁਪਹਿਰ 1:30 ਵਜੇ ਲੋਕ ਨਿਵਾਸ ਵਿਖੇ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁੱਕੀ। ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਦੇਵੇਂਦਰ ਕੁਮਾਰ ਉਪਾਧਿਆਏ ਨੇ ਸਹੁੰ ਚੁਕਾਈ। ਤਰਨਜੀਤ ਸੰਧੂ ਨੂੰ ਵੀ. ਕੇ. ਸਕਸੈਨਾ ਦੀ ਥਾਂ ਉਪ ਰਾਜਪਾਲ ਵੱਜੋਂ ਨਿਯੁਕਤ ਕੀਤਾ ਗਿਆ ਹੈ। ਵੀਕੇ ਸਕਸੈਨਾ ਨੂੰ ਲੱਦਾਖ ਭੇਜਿਆ ਗਿਆ ਹੈ। ਸੰਧੂ ਵੱਲੋਂ ਆਪਣੀ ਵਿਦੇਸ਼ਾਂ ਵਿੱਚ ਨੌਕਰੀ ਦੌਰਾਨ ਕਈ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ ਗਈਆਂ ਸਨ। ਉਨ੍ਹਾਂ ਦੀ ਉਪ ਰਾਜਪਾਲ ਵੱਜੋਂ ਦਿੱਲੀ ਵਿੱਚ ਕੀਤੀ ਗਈ ਨਿਯੁਕਤੀ ਤੋਂ ਕੌਮੀ ਰਾਜਧਾਨੀ ਦੇ ਸਿੱਖ ਹਲਕਿਆਂ ਵਿੱਚ ਉਤਸ਼ਾਹ ਪਾਇਆ ਗਿਆ ਹੈ ਕਿਉਂਕਿ ਦਿੱਲੀ ਵਿੱਚ ਉਪ ਰਾਜਪਾਲ ਕੋਲ ਹੀ ਦਿੱਲੀ ਸਰਕਾਰ ਨੂੰ ਚਲਾਉਣ ਦੇ ਵੱਧ ਅਧਿਕਾਰ ਹਨ। ਕੌਮੀ ਰਾਜਧਾਨੀ ਦਿੱਲੀ ਨੂੰ ਸਭ ਤੋਂ ਵੱਧ ਸਿੱਖਾਂ ਵਾਲੇ ਸ਼ਹਿਰ ਹੋਣ ਦਾ ਮਾਣ ਹਾਸਲ ਹੈ।
ਆਪਣੀ ਨਿਯੁਕਤੀ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੰਧੂ ਨੇ ਕਿਹਾ ਕਿ ਦਿੱਲੀ ਉਨ੍ਹਾਂ ਦੀ ‘ਕਰਮ ਭੂਮੀ’ ਰਹੀ ਹੈ। ਇਹ ਸਾਡਾ ਫਰਜ਼ ਹੈ ਕਿ ਦਿੱਲੀ ਦੇ ਵਿਕਾਸ ਲਈ ਕੰਮ ਕਰੀਏ। ਉਨ੍ਹਾਂ ਕਿਹਾ ਕਿ ਚੁਣੌਤੀਆਂ ਨੂੰ ਮੌਕਿਆਂ ਵਿੱਚ ਬਦਲਣ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਅਤੇ ਸਾਰਿਆਂ ਨੂੰ ਭਾਵੇਂ ਪਾਰਟੀ ਕੋਈ ਵੀ ਹੋਵੇ, ਵੱਖ-ਵੱਖ ਸਮੱਸਿਆਵਾਂ ਦੇ ਹੱਲ ਲੱਭਣ ਲਈ ਇਕੱਠੇ ਕੰਮ ਕਰਨਾ ਚਾਹੀਦਾ ਹੈ।
ਇਸ ਮੌਕੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ, “ਮੈਂ ਉਪ ਰਾਜਪਾਲ ਦਾ ਸਵਾਗਤ ਕਰਦੀ ਹਾਂ। ਤੁਸੀਂ ਦਿੱਲੀ ਨੂੰ ਹੋਰ ਵੀ ਤੇਜ਼ ਰਫ਼ਤਾਰ ਨਾਲ ਅੱਗੇ ਵਧਾਉਣ ਲਈ ਇੱਥੇ ਆਏ ਹੋ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਤੁਹਾਡੀ ਮੌਜੂਦਗੀ ਦਿੱਲੀ ਦੀ ਤਰੱਕੀ ਨੂੰ ਹੋਰ ਤੇਜ਼ ਕਰੇਗੀ। ਦਿੱਲੀ ਦੀਆਂ ਸਮੱਸਿਆਵਾਂ ਦੇ ਹੱਲ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲੱਭੇ ਜਾਣਗੇ। ਤੁਹਾਡੀ ਅਗਵਾਈ ਹੇਠ, ਦਿੱਲੀ ਸਰਕਾਰ ਨਿਰਦੇਸ਼ਾਂ ਅਨੁਸਾਰ ਕੰਮ ਕਰੇਗੀ।”
1988 ਬੈਚ ਦੇ ਭਾਰਤੀ ਵਿਦੇਸ਼ ਸੇਵਾ ਅਧਿਕਾਰੀ, ਸੰਧੂ ਅਮਰੀਕੀ ਮਾਮਲਿਆਂ ‘ਤੇ ਸਭ ਤੋਂ ਤਜਰਬੇਕਾਰ ਭਾਰਤੀ ਡਿਪਲੋਮੈਟਾਂ ਵਿੱਚੋਂ ਇੱਕ ਰਹੇ ਹਨ ਜਿਨ੍ਹਾਂ ਦਾ ਕਰੀਅਰ ਤਿੰਨ ਦਹਾਕਿਆਂ ਤੋਂ ਵੱਧ ਦਾ ਸੀ। ਉਨ੍ਹਾਂ ਨੇ ਵਾਸ਼ਿੰਗਟਨ, ਡੀ.ਸੀ. ਵਿੱਚ ਭਾਰਤੀ ਮਿਸ਼ਨ ਵਿੱਚ ਕਈ ਵਾਰ ਸੇਵਾ ਨਿਭਾਈ।
ਉਹ ਫਰਵਰੀ 2020 ਤੋਂ ਜਨਵਰੀ 2024 ਤੱਕ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਸਨ। 63 ਸਾਲਾ ਸਾਬਕਾ ਡਿਪਲੋਮੈਟ ਜੁਲਾਈ 2005 ਤੋਂ ਫਰਵਰੀ 2009 ਤੱਕ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਵਿੱਚ ਵੀ ਰਹਿ ਚੁੱਕੇ ਹਨ। ਸੰਧੂ ਸ਼੍ਰੀਲੰਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ। ਡਿਪਲੋਮੈਟ ਸੇਵਾ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਸੰਧੂ ਨੇ 2024 ਵਿੱਚ ਪੰਜਾਬ ਦੇ ਅੰਮ੍ਰਿਤਸਰ ਹਲਕੇ ਤੋਂ ਭਾਜਪਾ ਦੀ ਟਿਕਟ ‘ਤੇ ਲੋਕ ਸਭਾ ਚੋਣਾਂ ਲੜੀਆਂ ਸਨ ਪਰ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਤੋਂ ਹਾਰ ਗਏ ਸਨ।






