ਡੇਰਾਬਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਇਜਲਾਸ ਦੌਰਾਨ ਲਾਲੜੂ ਸ਼ਹਿਰ ਨਾਲ ਸਬੰਧਿਤ ਮੁੱਦਾ ਸੈਸ਼ਨ ਵਿੱਚ ਚੁੱਕਿਆ। ਉਨ੍ਹਾਂ ਮਾਣਯੋਗ ਸਪੀਕਰ ਰਾਹੀਂ ਸਥਾਨਕ ਸਰਕਾਰਾਂ ਮੰਤਰੀ ਦਾ ਧਿਆਨ ਨਗਰ ਕੌਂਸਲ ਲਾਲੜੂ ਵੱਲੋਂ ਤਿਆਰ ਕੀਤੇ ਗਏ ਨਵੇਂ ਬੱਸ ਸਟੈਂਡ ਵੱਲ ਦਿਵਾਇਆ ਅਤੇ ਇਸ ਨੂੰ ਜਲਦ ਤੋਂ ਜਲਦ ਚਾਲੂ ਕਰਨ ਦੀ ਮੰਗ ਕੀਤੀ।
ਵਿਧਾਇਕ ਰੰਧਾਵਾ ਨੇ ਕਿਹਾ ਕਿ ਨਗਰ ਕੌਂਸਲ ਲਾਲੜੂ ਵੱਲੋਂ ਸ਼ਹਿਰ ਵਿੱਚ ਨਵਾਂ ਬੱਸ ਸਟੈਂਡ ਤਿਆਰ ਕਰ ਦਿੱਤਾ ਗਿਆ ਹੈ, ਪਰ ਅਜੇ ਤੱਕ ਇਸ ਨੂੰ ਚਾਲੂ ਨਹੀਂ ਕੀਤਾ ਗਿਆ। ਇਸ ਕਾਰਨ ਯਾਤਰੀਆਂ ਅਤੇ ਸਥਾਨਕ ਨਿਵਾਸੀਆਂ ਨੂੰ ਆਵਾਜਾਈ ਸਬੰਧੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲਾਲੜੂ ਤੋਂ ਕਰੀਬ 30 ਕਿਲੋਮੀਟਰ ਦੇ ਘੇਰੇ ਵਿੱਚ ਕੋਈ ਵੀ ਢੰਗ ਦਾ ਬੱਸ ਸਟੈਂਡ ਨਹੀਂ, ਜਿਸ ਕਾਰਨ ਲੋਕਾਂ ਨੂੰ ਬੱਸਾਂ ਫੜਨ ਲਈ ਹੋਰ ਸ਼ਹਿਰਾਂ ਦਾ ਰੁਖ ਕਰਨਾ ਪੈਂਦਾ ਹੈ।
ਉਨ੍ਹਾਂ ਸਰਕਾਰ ਕੋਲ ਮੰਗ ਕੀਤੀ ਕਿ ਸਥਾਨਕ ਸਰਕਾਰਾਂ ਵਿਭਾਗ ਟਰਾਂਸਪੋਰਟ ਵਿਭਾਗ ਨਾਲ ਤਾਲਮੇਲ ਕਰਕੇ ਨਗਰ ਕੌਂਸਲ ਵੱਲੋਂ ਲਗਾਏ ਗਏ ਕਰੀਬ 99 ਲੱਖ ਰੁਪਏ ਦੇ ਬਕਾਇਆ ਫੰਡ ਜਲਦ ਜਾਰੀ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਫੰਡ ਜਾਰੀ ਹੋਣ ਨਾਲ ਨਵੇਂ ਬੱਸ ਸਟੈਂਡ ਨੂੰ ਤੁਰੰਤ ਚਾਲੂ ਕੀਤਾ ਜਾ ਸਕੇਗਾ, ਜਿਸ ਨਾਲ ਲਾਲੜੂ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਮਿਲਣਗੀਆਂ ।






