NCERT ਵੱਲੋਂ 9ਵੀਂ ਜਮਾਤ ਲਈ ਤਿਆਰ ਕੀਤੀ ਗਈ ਅੰਗਰੇਜ਼ੀ ਦੀ ਨਵੀਂ ਪੁਸਤਕ ਵਿੱਚ ਤਮਿਲ ਕਵੀ ਸੁਬਰਾਮਨੀਆ ਭਾਰਤੀ, ਰਾਜ ਸਭਾ ਮੈਂਬਰ ਸੁਧਾ ਮੂਰਤੀ, ਨਾਗਾ ਲੇਖਕ ਟੇਮਸੁਲਾ ਆਓ, ਰਬਿੰਦਰਨਾਥ ਟੈਗੋਰ ਅਤੇ ਅਸਾਮੀ ਨਾਵਲਕਾਰ ਮਿੱਤਰਾ ਫੁਕਨ ਵਰਗੇ ਭਾਰਤੀ ਲੇਖਕਾਂ ਦੀਆਂ ਰਚਨਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਸਾਲ 2006-07 ਤੋਂ 2025-26 ਤੱਕ ਪੜ੍ਹਾਈਆਂ ਜਾਣ ਵਾਲੀਆਂ ਪੁਰਾਣੀਆਂ ਕਿਤਾਬਾਂ ਵਿੱਚ 29 ਵਿੱਚੋਂ 15 ਰਚਨਾਵਾਂ ਅੰਤਰਰਾਸ਼ਟਰੀ ਲੇਖਕਾਂ ਦੀਆਂ ਸਨ। ਅਧਿਕਾਰੀਆਂ ਅਨੁਸਾਰ, ਹੁਣ ਕਿਤਾਬਾਂ ਦੀ ਗਿਣਤੀ ਦੋ ਤੋਂ ਘਟਾ ਕੇ ਇੱਕ ਕਰ ਦਿੱਤੀ ਗਈ ਹੈ ਅਤੇ ਕੁੱਲ ਪਾਠਾਂ (texts) ਦੀ ਗਿਣਤੀ ਵੀ 29 ਤੋਂ ਘਟਾ ਕੇ 16 ਕਰ ਦਿੱਤੀ ਗਈ ਹੈ, ਜਿਸ ਵਿੱਚ ਭਾਰਤੀ ਅਤੇ ਵਿਦੇਸ਼ੀ ਲੇਖਕਾਂ ਦਾ ਬਰਾਬਰ ਹਿੱਸਾ ਰੱਖਿਆ ਗਿਆ ਹੈ।
ਅੰਗਰੇਜ਼ੀ ਦੀ ਇਸ ਨਵੀਂ ਕਿਤਾਬ ਦਾ ਨਾਮ “ਕਾਵੇਰੀ” (Kaveri) ਰੱਖਿਆ ਗਿਆ ਹੈ, ਜਿਸ ਦੀ ਸ਼ੁਰੂਆਤ ਸੁਧਾ ਮੂਰਤੀ ਦੀ 2004 ਦੀ ਮਸ਼ਹੂਰ ਕਿਤਾਬ “How I Taught My Grandmother to Read” ਦੀ ਇੱਕ ਕਹਾਣੀ ਨਾਲ ਹੁੰਦੀ ਹੈ। ਰਾਸ਼ਟਰੀ ਪਾਠਕ੍ਰਮ ਫਰੇਮਵਰਕ (NCF-SE) 2023 ਦੇ ਅਨੁਸਾਰ ਤਿਆਰ ਕੀਤੀ ਗਈ ਇਹ ਕਿਤਾਬ ਹੁਣ ਪੁਰਾਣੀਆਂ ਕਿਤਾਬਾਂ “ਬੀਹਾਈਵ” (Beehive) ਅਤੇ “ਮੋਮੈਂਟਸ” (Moments) ਦੀ ਜਗ੍ਹਾ ਲਵੇਗੀ। ਇਸ ਵਿੱਚ “ਭਾਰਤੀ ਗਿਆਨ ਪ੍ਰਣਾਲੀ” (IKS) ਦੇ ਤੱਤਾਂ ਨੂੰ ਸ਼ਾਮਲ ਕੀਤਾ ਗਿਆ ਹੈ। 16 ਪਾਠਾਂ ਵਿੱਚੋਂ ਅੱਠ ਭਾਰਤੀ ਲੇਖਕਾਂ ਦੇ ਹਨ ਅਤੇ ਛੇ ਵਿਦੇਸ਼ੀ ਲੇਖਕਾਂ (ਜਿਵੇਂ ਡੇਵਿਡ ਰੋਥ, ਚਾਰਲਸ ਸਵੇਨ ਅਤੇ ਮਾਇਆ ਐਂਥਨੀ) ਦੇ ਹਨ। ਇਸ ਤੋਂ ਇਲਾਵਾ, ਕਿਤਾਬ ਵਿੱਚ ਪੈਰਾਲੰਪਿਕ ਖਿਡਾਰੀ ਦੀਪਾ ਮਲਿਕ ਦਾ ਇੱਕ ਇੰਟਰਵਿਊ ਵੀ ਸ਼ਾਮਲ ਕੀਤਾ ਗਿਆ ਹੈ।






