AI-Drafted PIL: ਸੁਪਰੀਮ ਕੋਰਟ ਨੇ ਲੁਧਿਆਣਾ ਦੇ ਇੱਕ ਕੱਪੜਾ ਵਪਾਰੀ ਵੱਲੋਂ ਦਾਇਰ ਕੀਤੀ ਪਟੀਸ਼ਨ (PIL) ਨੂੰ ਖਾਰਜ ਕਰਦਿਆਂ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ। ਜਸਟਿਸ ਅਭੈ ਐੱਸ. ਓਕਾ ਅਤੇ ਜਸਟਿਸ ਅਗਸਟੀਨ ਜਾਰਜ ਮਸੀਹ ਦੇ ਬੈਂਚ ਨੇ ਪਾਇਆ ਕਿ ਇਹ ਪਟੀਸ਼ਨ ਕਿਸੇ ਕਾਨੂੰਨੀ ਮਾਹਿਰ ਦੀ ਸਲਾਹ ਨਾਲ ਨਹੀਂ, ਸਗੋਂ ChatGPT ਵਰਗੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਟੂਲ ਦੀ ਮਦਦ ਨਾਲ ਤਿਆਰ ਕੀਤੀ ਗਈ ਸੀ।
ਅਦਾਲਤ ਨੇ ਇਸ ਪਹੁੰਚ ਨੂੰ ‘ਬੇਤੁਕੀ’ ਕਰਾਰ ਦਿੱਤਾ ਕਿਉਂਕਿ ਪਟੀਸ਼ਨ ਵਿੱਚ ਕੋਈ ਵੀ ਸਾਰਥਕ ਕਾਨੂੰਨੀ ਤਰਕ ਜਾਂ ਤੱਥ ਮੌਜੂਦ ਨਹੀਂ ਸੀ। ਸੁਣਵਾਈ ਦੌਰਾਨ ਬੈਂਚ ਨੇ ਪਟੀਸ਼ਨਕਰਤਾ ਨੂੰ ਫਿਟਕਾਰ ਲਗਾਉਂਦਿਆਂ ਬਹੁਤ ਹੀ ਤਿੱਖੀ ਟਿੱਪਣੀ ਕੀਤੀ।
ਅਦਾਲਤ ਨੇ ਕਿਹਾ, “ ਜਾਓ ਅਤੇ ਜਾ ਕੇ ਕੁਝ ਸਵੈਟਰ ਵੇਚੋ” ਅਤੇ ਅੱਗੇ ਚਿਤਾਵਨੀ ਦਿੱਤੀ ਕਿ ਅਦਾਲਤ ਦਾ ਕੀਮਤੀ ਸਮਾਂ ਅਜਿਹੀਆਂ ਬੇਬੁਨਿਆਦ ਪਟੀਸ਼ਨਾਂ ਨਾਲ ਬਰਬਾਦ ਨਾ ਕੀਤਾ ਜਾਵੇ। ਜੱਜਾਂ ਨੇ ਨੋਟ ਕੀਤਾ ਕਿ AI ਦੁਆਰਾ ਤਿਆਰ ਕੀਤੀ ਗਈ ਸ਼ਬਦਾਵਲੀ ਪ੍ਰਭਾਵਸ਼ਾਲੀ ਲੱਗ ਸਕਦੀ ਹੈ ਪਰ ਕਾਨੂੰਨੀ ਪ੍ਰਕਿਰਿਆ ਵਿੱਚ ਸਿਰਫ਼ ਸ਼ਬਦਾਂ ਦੀ ਸੁੰਦਰਤਾ ਨਹੀਂ, ਸਗੋਂ ਕਾਨੂੰਨੀ ਆਧਾਰ ਅਤੇ ਸਬੂਤਾਂ ਦੀ ਲੋੜ ਹੁੰਦੀ ਹੈ।
ਇਹ ਮਾਮਲਾ ਕਾਨੂੰਨੀ ਖੇਤਰ ਵਿੱਚ ਤਕਨੀਕ ਦੀ ਦੁਰਵਰਤੋਂ ਨੂੰ ਲੈ ਕੇ ਇੱਕ ਵੱਡੀ ਮਿਸਾਲ ਬਣ ਗਿਆ ਹੈ। ਸੁਪਰੀਮ ਕੋਰਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਨਹਿਤ ਪਟੀਸ਼ਨਾਂ ਵਰਗੇ ਗੰਭੀਰ ਮੁੱਦਿਆਂ ਲਈ AI ’ਤੇ ਨਿਰਭਰਤਾ ਖ਼ਤਰਨਾਕ ਹੋ ਸਕਦੀ ਹੈ। ਅਦਾਲਤ ਨੇ ਪਟੀਸ਼ਨਕਰਤਾ ਨੂੰ ਭਵਿੱਖ ਵਿੱਚ ਅਜਿਹੇ ਸ਼ਾਰਟਕੱਟ ਨਾ ਅਪਣਾਉਣ ਦੀ ਹਦਾਇਤ ਦਿੱਤੀ ਅਤੇ ਪਟੀਸ਼ਨ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ।






