ਹਰਿਆਣਾ ਵਿੱਚ ਰਾਜ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਜੰਗ ਤੇਜ਼ ਹੋ ਗਈ ਹੈ। ਕਾਂਗਰਸ ਪਾਰਟੀ ਨੇ ਆਪਣੇ ਉਨ੍ਹਾਂ ਚਾਰ ਵਿਧਾਇਕਾਂ ਦੇ ਨਾਮ ਜਨਤਕ ਕਰ ਦਿੱਤੇ ਹਨ ਜਿਨ੍ਹਾਂ ‘ਤੇ ਕਰਾਸ-ਵੋਟਿੰਗ ਦੇ ਇਲਜ਼ਾਮ ਲੱਗੇ ਹਨ। ਇਸ ਨਾਲ ਪਾਰਟੀ ਦੀ ਅੰਦਰੂਨੀ ਫੁੱਟ ਸਾਹਮਣੇ ਆ ਗਈ ਹੈ।
ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਰਿਆਣਾ ਕਾਂਗਰਸ ਦੇ ਇੰਚਾਰਜ ਬੀ. ਕੇ. ਹਰੀਪ੍ਰਸਾਦ ਨੇ ਦੱਸਿਆ ਕਿ ਸ਼ੈਲੀ ਚੌਧਰੀ (ਨਾਰਾਇਣਗੜ੍ਹ), ਮੁਹੰਮਦ ਇਲਿਆਸ (ਪੁਨਹਾਨਾ), ਮੁਹੰਮਦ ਇਸਰਾਈਲ (ਹਥੀਨ) ਅਤੇ ਰੇਣੂਬਾਲਾ (ਸਾਢੌਰ) ਨੇ ਭਾਜਪਾ ਦੇ ਹੱਕ ਵਿੱਚ ਵੋਟ ਪਾਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤੇ ਜਾਣਗੇ।
ਇਹ ਘਟਨਾਕ੍ਰਮ ਕਾਂਗਰਸੀ ਵਿਧਾਇਕ ਗੋਕੁਲ ਸੇਤੀਆ ਵੱਲੋਂ ਪਾਰਟੀ ਦਫ਼ਤਰ ਦੇ ਬਾਹਰ ਦਿੱਤੇ ਗਏ ਧਰਨੇ ਤੋਂ ਬਾਅਦ ਸਾਹਮਣੇ ਆਇਆ ਹੈ, ਜਿਨ੍ਹਾਂ ਨੇ ਕਰਾਸ-ਵੋਟਿੰਗ ਕਰਨ ਵਾਲੇ ਵਿਧਾਇਕਾਂ ਦੇ ਨਾਮ ਨਸ਼ਰ ਕਰਨ ਦੀ ਮੰਗ ਕੀਤੀ ਸੀ। ਸੀਨੀਅਰ ਆਗੂ ਭੁਪਿੰਦਰ ਸਿੰਘ ਹੁੱਡਾ ਦੇ ਦਖ਼ਲ ਅਤੇ ਭਰੋਸੇ ਤੋਂ ਬਾਅਦ ਇਹ ਧਰਨਾ ਖ਼ਤਮ ਕੀਤਾ ਗਿਆ। ਕਾਂਗਰਸ ਲੀਡਰਸ਼ਿਪ ਨੇ ਸਪੱਸ਼ਟ ਕੀਤਾ ਹੈ ਕਿ ਪਾਰਟੀ ਅਨੁਸ਼ਾਸਨ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ।






