ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਰਾਜ ਸਭਾ ਵਿੱਚ ਸੇਵਾਮੁਕਤ ਹੋ ਰਹੇ ਮੈਂਬਰਾਂ ਨੂੰ ਵਿਦਾਇਗੀ ਦਿੰਦਿਆਂ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਪਰਲੇ ਸਦਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਆਸਤ ਵਿੱਚ ਕਦੇ ਵੀ ‘ਪੂਰਨ ਵਿਰਾਮ’ (Full Stop) ਨਹੀਂ ਹੁੰਦਾ ਅਤੇ ਇਨ੍ਹਾਂ ਆਗੂਆਂ ਦਾ ਤਜ਼ਰਬਾ ਆਉਣ ਵਾਲੇ ਸਮੇਂ ਵਿੱਚ ਵੀ ਦੇਸ਼ ਦੇ ਕੰਮ ਆਉਂਦਾ ਰਹੇਗਾ।
ਉਨ੍ਹਾਂ ਨੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਐਚ.ਡੀ. ਦੇਵਗੌੜਾ, ਮਲਿਕਾਰਜੁਨ ਖੜਗੇ ਅਤੇ ਸ਼ਰਦ ਪਵਾਰ ਵਰਗੇ ਸੀਨੀਅਰ ਆਗੂਆਂ ਤੋਂ ਸੰਸਦੀ ਕੰਮਕਾਜ ਦੇ ਗੁਰ ਸਿੱਖਣ, ਜਿਨ੍ਹਾਂ ਨੇ ਆਪਣੀ ਅੱਧੀ ਤੋਂ ਵੱਧ ਜ਼ਿੰਦਗੀ ਸਦਨ ਦੀ ਸੇਵਾ ਵਿੱਚ ਲਗਾਈ ਹੈ।
ਵਿਦਾਇਗੀ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਨੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਦੇ ਮਜ਼ਾਕੀਆ ਅੰਦਾਜ਼ ਦਾ ਖ਼ਾਸ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਦਨ ਵਿੱਚ ਹਾਸੇ-ਠੱਠੇ ਦੀ ਕਮੀ ਮਹਿਸੂਸ ਹੁੰਦੀ ਹੈ, ਪਰ ਅਠਾਵਲੇ ‘ਐਵਰਗ੍ਰੀਨ’ ਹਨ ਅਤੇ ਉਹ ਸਦਨ ਤੋਂ ਬਾਹਰ ਵੀ ਲੋਕਾਂ ਦਾ ਮਨੋਰੰਜਨ ਅਤੇ ਸੇਵਾ ਜਾਰੀ ਰੱਖਣਗੇ।
ਜ਼ਿਕਰਯੋਗ ਹੈ ਕਿ ਪ੍ਰਿਯੰਕਾ ਚਤੁਰਵੇਦੀ ਅਤੇ ਅਭਿਸ਼ੇਕ ਮਨੂ ਸਿੰਘਵੀ ਸਮੇਤ 37 ਮੈਂਬਰ ਸੇਵਾਮੁਕਤ ਹੋ ਰਹੇ ਹਨ। ਦੂਜੇ ਪਾਸੇ, ਹਾਲ ਹੀ ਵਿੱਚ ਹੋਈਆਂ ਰਾਜ ਸਭਾ ਚੋਣਾਂ ਵਿੱਚ ਬਿਹਾਰ ਦੀਆਂ ਸਾਰੀਆਂ 5 ਸੀਟਾਂ ’ਤੇ NDA ਨੇ ਕਬਜ਼ਾ ਕੀਤਾ ਹੈ, ਜਦੋਂਕਿ ਓਡੀਸ਼ਾ ਅਤੇ ਹਰਿਆਣਾ ਤੋਂ ਵੀ ਨਵੇਂ ਮੈਂਬਰ ਚੁਣ ਕੇ ਸਦਨ ਵਿੱਚ ਪਹੁੰਚ ਰਹੇ ਹਨ।






