ਰੇਲਵੇ ਨੇ ਟਿਕਟ ਕੈਂਸਲ ਕਰਨ ਦੇ ਸਮੇਂ ਵਿੱਚ ਵੱਡਾ ਬਦਲਾਅ ਕੀਤਾ ਹੈ। ਹੁਣ ਜੇਕਰ ਕੋਈ ਯਾਤਰੀ ਟਰੇਨ ਚੱਲਣ ਦੇ ਸਮੇਂ ਤੋਂ 8 ਘੰਟੇ ਪਹਿਲਾਂ ਆਪਣੀ ਟਿਕਟ ਕੈਂਸਲ ਕਰਦਾ ਹੈ ਤਾਂ ਹੀ ਉਸ ਨੂੰ ਪੈਸੇ ਵਾਪਸ ਮਿਲਣਗੇ। ਜੇਕਰ ਟਿਕਟ 8 ਘੰਟੇ ਤੋਂ ਘੱਟ ਸਮੇਂ ਵਿੱਚ ਕੈਂਸਲ ਕੀਤੀ ਜਾਂਦੀ ਹੈ ਤਾਂ ਕੋਈ ਰਿਫੰਡ ਨਹੀਂ ਮਿਲੇਗਾ।
ਮਾਹਿਰਾਂ ਨੇ ਦੱਸਿਆ ਕਿ ਜੇਕਰ ਤੁਹਾਡੀ ਟਰੇਨ ਸ਼ਾਮ 6 ਵਜੇ ਹੈ ਤਾਂ ਤੁਹਾਨੂੰ ਸਵੇਰੇ 10 ਵਜੇ ਤੋਂ ਪਹਿਲਾਂ ਟਿਕਟ ਕੈਂਸਲ ਕਰਨੀ ਪਵੇਗੀ। ਪਹਿਲਾਂ ਇਹ ਸਮਾਂ 4 ਘੰਟੇ ਸੀ ਅਤੇ 50 ਫੀਸਦੀ ਰਿਫੰਡ ਮਿਲਦਾ ਸੀ ਪਰ ਹੁਣ 4 ਘੰਟੇ ਵਾਲਾ ਨਿਯਮ ਖਤਮ ਕਰ ਦਿੱਤਾ ਗਿਆ ਹੈ ਅਤੇ 24 ਤੋਂ 8 ਘੰਟੇ ਦੇ ਵਿਚਕਾਰ ਕੈਂਸਲ ਕਰਨ ‘ਤੇ ਵੀ ਸਿਰਫ 50 ਫੀਸਦੀ ਪੈਸੇ ਹੀ ਵਾਪਸ ਮਿਲਣਗੇ।
ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਦੱਸਿਆ ਕਿ ਇਹ ਬਦਲਾਅ ਏਜੰਟਾਂ ਅਤੇ ਦਲਾਲਾਂ ਵੱਲੋਂ ਟਿਕਟਾਂ ਦੀ ਜਮ੍ਹਾਂਖੋਰੀ ਨੂੰ ਰੋਕਣ ਲਈ ਕੀਤੇ ਗਏ ਹਨ। ਇੱਕ ਚੰਗੀ ਖ਼ਬਰ ਇਹ ਵੀ ਹੈ ਕਿ ਹੁਣ ਯਾਤਰੀ ਟਰੇਨ ਚੱਲਣ ਤੋਂ 30 ਮਿੰਟ ਪਹਿਲਾਂ ਤੱਕ ਆਪਣਾ ਬੋਰਡਿੰਗ ਸਟੇਸ਼ਨ (ਜਿੱਥੋਂ ਟਰੇਨ ਫੜਨੀ ਹੈ) ਬਦਲ ਸਕਦੇ ਹਨ। ਇਹ ਨਵੇਂ ਨਿਯਮ 1 ਅਪਰੈਲ ਤੋਂ 15 ਅਪਰੈਲ 2026 ਦੇ ਵਿਚਕਾਰ ਵੱਖ-ਵੱਖ ਪੜਾਵਾਂ ਵਿੱਚ ਲਾਗੂ ਕੀਤੇ ਜਾਣਗੇ। ਇਸ ਫੈਸਲੇ ਨਾਲ ਜਿੱਥੇ ਯਾਤਰੀਆਂ ਨੂੰ ਬੋਰਡਿੰਗ ਸਟੇਸ਼ਨ ਬਦਲਣ ਵਿੱਚ ਸਹੂਲਤ ਮਿਲੇਗੀ, ਉੱਥੇ ਹੀ ਟਿਕਟ ਕੈਂਸਲ ਕਰਨ ਵੇਲੇ ਵਧੇਰੇ ਸਾਵਧਾਨ ਰਹਿਣਾ ਪਵੇਗਾ।





