ਲੁਧਿਆਣਾ ਦੀ ਇੱਕ 20 ਸਾਲਾ ਲੜਕੀ ਵੰਸ਼ਿਕਾ ਮਿੱਤਲ ਨੂੰ ਕਦੇ ਪਤਾ ਨਹੀਂ ਸੀ ਕਿ ਦਾਦੀ ਤੋਂ ਸਿੱਖਿਆ ਉਸਦਾ ਸ਼ੌਕ, ਕਰੋਸ਼ੀਆ (crocheting), ਉਸ ਨੂੰ ਇੰਨੀ ਦੂਰ ਲੈ ਜਾਵੇਗਾ ਅਤੇ ਚੰਗੀ ਕਮਾਈ ਕਰਨ ਦੇ ਯੋਗ ਬਣਾਵੇਗਾ। ਅੱਜ ਵੰਸ਼ਿਕਾ ਦਾ ਕਰੋਸ਼ੀਏ ਨਾਲ ਬਣੇ ਉਤਪਾਦ ਵੇਚ ਕੇ 7 ਕਰੋੜ ਰੁਪਏ ਤੋਂ ਵੱਧ ਦਾ ਟਰਨਓਵਰ ਹੈ।
ਉਹ ਕਰੋਸ਼ੀਏ ਨਾਲ ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਜਿਵੇਂ ਕਿ ਗੁਲਾਬ, ਸੂਰਜਮੁਖੀ ਤੋਂ ਲੈ ਕੇ ਸੁੰਦਰ ਟੋਕਰੀਆਂ ਅਤੇ ਪੈਕਿੰਗ ਲਈ ਡੱਬੇ ਆਦਿ ਹਰ ਤਰ੍ਹਾਂ ਦੀਆਂ ਚੀਜ਼ਾਂ ਬਣਾਉਂਦੀ ਹੈ।
‘ਟ੍ਰਿਬਿਊਨ ਸਮੂਹ’ ਨਾਲ ਗੱਲਬਾਤ ਕਰਦਿਆਂ ਵੰਸ਼ਿਕਾ ਨੇ ਦੱਸਿਆ ਕਿ ਉਸ ਨੇ ‘ਸ਼ਾਰਕ ਟੈਂਕ’ ਸ਼ੋਅ ਵਿੱਚ ਹਿੱਸਾ ਲਿਆ ਸੀ, ਜੋ 17 ਮਾਰਚ ਨੂੰ ਪੂਰੇ ਭਾਰਤ ਵਿੱਚ ਪ੍ਰਸਾਰਿਤ ਹੋਇਆ ਸੀ। ਉਸ ਨੂੰ ਸ਼ਾਰਕਾਂ ਤੋਂ 1 ਕਰੋੜ ਰੁਪਏ ਦਾ ਨਿਵੇਸ਼ ਪ੍ਰਾਪਤ ਹੋਇਆ, ਜੋ ਉਸ ਦੇ ਸਫਰ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਉਸ ਨੇ ਕਿਹਾ, “ਇਹ ਮੇਰੇ ਅਤੇ ਮੇਰੇ ਪਰਿਵਾਰ ਲਈ ਮਾਣ ਵਾਲੀ ਗੱਲ ਸੀ ਅਤੇ ਹੁਣ ਮੈਨੂੰ ਉਨ੍ਹਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨਾ ਹੈ।”
ਇਹ ਵੰਸ਼ੀਕਾ ਨੇ ਦੋ ਸਾਲ ਪਹਿਲਾਂ ਸ਼ੁਰੂ ਕੀਤਾ ਸੀ, ਉਹ ਹੁਣ ਇੱਕ ਵੱਡਾ ਕਾਰੋਬਾਰ ਬਣ ਗਿਆ ਹੈ। ਉਸ ਨੇ ਲਗਪਗ 300 ਔਰਤਾਂ ਨੂੰ ਸਸ਼ਕਤ ਬਣਾਇਆ ਹੈ ਜੋ ਉਸ ਦੇ ਲਈ ਕੰਮ ਕਰਦੀਆਂ ਹਨ ਅਤੇ ਕਰੋਸ਼ੀਆ ਬੁਣਦੀਆਂ ਹਨ, ਅਤੇ ਉਹ ਯਕੀਨੀ ਬਣਾਉਂਦੀ ਹੈ ਕਿ ਹਰੇਕ ਔਰਤ ਪ੍ਰਤੀ ਪੀਸ ਦੇ ਹਿਸਾਬ ਨਾਲ ਆਮਦਨ ਕਮਾਵੇ।
ਮਾਰਕੀਟਿੰਗ ਦੀ ਗੱਲ ਕਰੀਏ ਤਾਂ, ਉਸਦੀ ਇੱਕ ਵੈਬਸਾਈਟ ਹੈ ਜਿਸ ਰਾਹੀਂ ਉਹ ਆਰਡਰ ਲੈਂਦੀ ਹੈ, ਅਤੇ ਉਹ ਕੁਇੱਕ ਕਾਮਰਸ (quick commerce) ਰਾਹੀਂ ਵੀ ਆਰਡਰ ਪੂਰੇ ਕਰਦੀ ਹੈ।
ਹਾਲਾਂਕਿ ਵੰਸ਼ਿਕਾ ਨੇ ਅਰਬਿੰਦੋ (Aurobindo) ਵਿੱਚ ਦਾਖਲਾ ਲਿਆ ਸੀ, ਪਰ ਉਹ ਹਮੇਸ਼ਾ ਇੱਕ ਵਪਾਰਕ ਸੋਚ ਰੱਖਦੀ ਸੀ, ਇਸ ਲਈ ਉਸ ਨੇ ਡੇਢ ਸਾਲ ਬਾਅਦ ਆਪਣੀ ਪੜ੍ਹਾਈ ਛੱਡ ਦਿੱਤੀ ਅਤੇ ਹੁਣ ਉਹ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਤੋਂ ਡਿਸਟੈਂਸ ਲਰਨਿੰਗ ਰਾਹੀਂ ਬੀ ਬੀ ਏ (BBA) ਕੋਰਸ ਕਰ ਰਹੀ ਹੈ।
ਵੰਸ਼ਿਕਾ ਦੇ ਪਿਤਾ ਨਿਤਿਨ ਮਿੱਤਲ ਚਾਰਟਰਡ ਅਕਾਊਂਟੈਂਟ ਹਨ, ਜਦਕਿ ਉਸਦੀ ਮਾਂ ਪੂਜਾ ਮਿੱਤਲ ਕਾਰੋਬਾਰ ਵਿੱਚ ਉਸਦੀ ਮਦਦ ਕਰਦੀ ਹੈ। ਵੰਸ਼ਿਕਾ ਲਈ, ਉਸਦੀ ਦਾਦੀ ਉਮਾ ਮਿੱਤਲ ਉਹ ਸਨ ਜਿਨ੍ਹਾਂ ਨੇ ਉਸ ਨੂੰ ਪ੍ਰੇਰਿਤ ਕੀਤਾ ਸੀ, ਅਤੇ ਉਸੇ ਸ਼ੌਕ ਸਦਕਾ ਵੰਸ਼ਿਕਾ ਅੱਜ ਇੱਕ ਸਫਲ ਕਾਰੋਬਾਰ ਖੜ੍ਹਾ ਕਰਨ ਦੇ ਯੋਗ ਹੋਈ ਹੈ।






