ਭਾਰਤੀ ਫ਼ੌਜ ਨੇ ਮਿਲਕਫੈੱਡ ਵੱਲੋਂ ਸਪਲਾਈ ਸੁੱਕੇ ਦੁੱਧ (ਦੁੱਧ ਦੇ ਪਾਊਡਰ) ਦੀ ਪੂਰੀ ਖੇਪ ਨੂੰ ਰੱਦ ਕਰ ਦਿੱਤਾ ਗਿਆ ਹੈ। ਹਾਲਾਂਕਿ ਸਹਿਕਾਰੀ ਖੇਤਰ ਦੇ ਅਦਾਰੇ ਮਿਲਕਫੈੱਡ ਦੇ ਦੁੱਧ ਉਤਪਾਦ ਗੁਣਵੱਤਾ ਦੇ ਪੱਖ ਤੋਂ ਡੇਅਰੀ ਮਾਰਕੀਟ ’ਚ ਚੰਗੀ ਛਵੀ ਰੱਖਦੇ ਹਨ। ਜੰਮੂ ਸਥਿਤ ਆਰਮੀ ਸਰਵਿਸ ਕਾਰਪਸ ਦੇ ਆਫ਼ੀਸਰ ਕਮਾਂਡਿੰਗ ਨੇ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਯੂਨੀਅਨ ਲੁਧਿਆਣਾ ਨੂੰ ਪੱਤਰ ਭੇਜ ਕੇ ਇਸ ਬਾਰੇ ਜਾਣੂ ਕਰਾਇਆ ਹੈ।
ਭਾਰਤੀ ਫ਼ੌਜ ਨੇ ਪੱਤਰ ਲਿਖ ਕੇ ਕਿਹਾ ਹੈ ਕਿ ਲੁਧਿਆਣਾ ਪਲਾਂਟ ਵੱਲੋਂ ਜੋ ਕਰੀਬ 125 ਮੀਟਰਿਕ ਟਨ ਸੁੱਕਾ ਦੁੱਧ ਪਾਊਡਰ ਸਪਲਾਈ ਕੀਤਾ ਗਿਆ ਸੀ, ਉਸ ਨੂੰ ਰੱਦ ਕੀਤਾ ਜਾਂਦਾ ਹੈ।
ਮਿਲਕਫੈੱਡ ਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਲੁਧਿਆਣਾ ਪਲਾਂਟ ਦੇ ਦੁੱਧ ਪਾਊਡਰ ਦੇ ਦੋ ਬੈਚ 58.338 ਮੀਟਰਿਕ ਟਨ ਅਤੇ 66.654 ਮੀਟਰਿਕ ਟਨ ਨੂੰ ਗੁਣਵੱਤਾ ਦੇ ਨਜ਼ਰੀਏ ਤੋਂ ਰੱਦ ਕਰ ਦਿੱਤਾ ਗਿਆ ਹੈ। ਭਾਰਤੀ ਫ਼ੌਜ ਤਰਫ਼ੋਂ ਗੁਣਵੱਤਾ ਲਈ ਦੁੱਧ ਪਾਊਡਰ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ ਸੀ।
ਮਿਲਕਫੈੱਡ ਦੇ ਪੰਜਾਬ ਵਿਚਲੇ ਅਲੱਗ-ਅਲੱਗ ਪਲਾਂਟਾਂ ਤੋਂ ਭਾਰਤੀ ਫ਼ੌਜ ਨੂੰ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦ ਸਪਲਾਈ ਹੁੰਦੇ ਹਨ। ਦੁੱਧ ਦਾ ਪਾਊਡਰ ਸਭ ਤੋਂ ਵੱਧ ਲੁਧਿਆਣਾ ਪਲਾਂਟ ਤੋਂ ਹੀ ਸਪਲਾਈ ਹੁੰਦਾ ਹੈ। ਬਠਿੰਡਾ ਪਲਾਂਟ ਤੋਂ ਫ਼ੌਜੀ ਛਾਉਣੀ ਨੂੰ ਦੁੱਧ ਦਹੀ ਤੇ ਮੱਖਣ ਆਦਿ ਦੀ ਸਪਲਾਈ ਹੁੰਦੀ ਹੈ। ਅੰਮ੍ਰਿਤਸਰ ਪਲਾਂਟ ਤੋਂ ਘਿਓ ਆਦਿ ਦੀ ਸਪਲਾਈ ਹੁੰਦੀ ਹੈ। ਆਫ਼ੀਸਰ ਕਮਾਂਡਿੰਗ ਨੇ ਰੱਦ ਕੀਤੀ ਸਪਲਾਈ ਬਾਰੇ ਲਿਖਤੀ ਸੂਚਨਾ ਕੇਂਦਰੀ ਰੱਖਿਆ ਮੰਤਰਾਲੇ ਦੇ ਖ਼ਰੀਦ ਅਤੇ ਖ਼ੁਰਾਕ ਨਿਰੀਖਣ ਸੰਗਠਨ ਨੂੰ ਵੀ ਭੇਜੀ ਹੈ।
ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਗੁਪਤਾ ਦਾ ਕਹਿਣਾ ਸੀ ਕਿ ਮਿਲਕਫੈੱਡ ਦੇਸ਼ ਭਰ ਚੋਂ ਚੰਗੇ ਅਦਾਰਿਆਂ ਚੋਂ ਹੈ ਅਤੇ ਅਦਾਰੇ ਵੱਲੋਂ ਦੁੱਧ ਉਤਪਾਦਾਂ ਦੀ ਗੁਣਵੱਤਾ ਨੂੰ ਤਰਜੀਹ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਵੱਲੋਂ ਦੁੱਧ ਦੇ ਪਾਊਡਰ ਨੂੰ ਕਿਉਂ ਰੱਦ ਕੀਤਾ ਗਿਆ ਹੈ, ਉਸ ਬਾਰੇ ਪਤਾ ਲਗਾਉਣ ਲਈ ਇੱਕ ਤੱਥ ਖੋਜ ਕਮੇਟੀ ਦਾ ਗਠਨ ਕਰ ਰਹੇ ਹਾਂ।






