ਮਾਲਵਾ ਪੱਟੀ ਵਿਚ ਕਈ ਦਿਨਾਂ ਤੋਂ ਹਲਕੀਆਂ ਕਣੀਆਂ ਅਤੇ ਮੀਂਹ ਪੈਣ ਤੋਂ ਬਾਅਦ ਸ਼ਾਮ ਨੂੰ ਆਏ ਝੱਖੜ ਅਤੇ ਗੜੇਮਾਰੀ ਨਾਲ ਹਜ਼ਾਰਾਂ ਏਕੜ ਕਣਕ ਦੀ ਫ਼ਸਲ ਧਰਤੀ ’ਤੇ ਵਿੱਛ ਗਈ ਹੈੈ। ਝੁਕੀ ਹੋਈ ਇਸ ਕਣਕ ਦੇ ਮੁੜ ਖੜ੍ਹੇ ਹੋਣ ਦੀ ਘੱਟ ਹੀ ਉਮੀਦ ਵਿਖਾਈ ਦਿੰਦੀ ਹੈ, ਜਿਸ ਕਰਕੇ ਕਣਕ ਦਾ ਝਾੜ ਘੱਟਣ ਦਾ ਖਦਸ਼ਾ ਖੜ੍ਹਾ ਬਣਿਆ ਹੋਇਆ ਹੈ। ਉਧਰ ਮੌਸਮ ਮਹਿਕਮੇ ਵਲੋਂ ਅਗਲੇ 36 ਘੰਟੇ ਅਜਿਹਾ ਹੀ ਮੌਸਮ ਬਣੇ ਰਹਿਣ ਦੀ ਦਿੱਤੀ ਚਿਤਾਵਨੀ ਤੋਂ ਕਿਸਾਨ ਘਬਰਾ ਗਏ ਹਨ।
ਮੌਸਮ ਵਿਭਾਗ ਵੱਲੋਂ ਅਗਲੇ 36 ਘੰਟਿਆਂ ਦੌਰਾਨ ਬਠਿੰਡਾ,ਫਾਜ਼ਿਲਕਾ,ਮਾਨਸਾ, ਸ੍ਰੀ ਮੁਕਤਸਰ ਸਾਹਿਬ ਵਿੱਚ ਕੁੱਝ ਥਾਵਾਂ ’ਤੇ ਬਿਜਲੀ ਲਿਸ਼ਕਣ,ਗੜੇਮਾਰੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ।
ਬੀਤੇ ਕਈ ਦਿਨਾਂ ਤੋਂ ਮੌਸਮ ਵਿੱਚ ਆਈ ਤਬਦੀਲੀ ਕਾਰਨ ਇਹ ਮੀਂਹ ਉਸ ਵੇਲੇ ਕਿਸਾਨਾਂ ਲਈ ਸਿਰਦਰਦੀ ਬਣਨ ਲੱਗਿਆ, ਜਦੋਂ ਕੁੱਝ ਇਲਾਕਿਆਂ ਵਿਚ ਮੀਂਹ ਤੇ ਤੇਜ਼ ਹਵਾ ਦੇ ਨਾਲ ਗੜੇਮਾਰੀ ਸ਼ੁਰੂ ਹੋ ਗਈ। ਇਸ ਹਵਾ ਤੇ ਗੜੇਮਾਰੀ ਨਾਲ ਪੱਕ ਕੇ ਤਿਆਰ ਹੋਣ ਵਾਲੀ ਕਣਕ ਦੇ ਬੂਟੇ ਖੇਤਾਂ ਵਿਚ ਟੇਡੇ ਹੋਣੇ ਸ਼ੁਰੂ ਹੋ ਗਏ ਹਨ। ਜਿਹੜੀਆਂ ਕਣਕਾਂ ਨੂੰ ਤਾਜ਼ਾ ਨਹਿਰੀ ਜਾਂ ਟਿਊਬਵੈਲਾਂ ਦਾ ਪਾਣੀ ਲੱਗਿਆ ਸੀ, ਉਹ ਬਿਲਕੁਲ ਜ਼ਮੀਨ ‘ਤੇ ਡਿੱਗ ਗਈਆਂ ਹਨ,ਕਿਉਂਕਿ ਉਨ੍ਹਾਂ ਕਣਕਾਂ ਦੀਆਂ ਜੜ੍ਹਾਂ ਪੋਲੀਆਂ ਹੋ ਗਈਆਂ ਸਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ਼ ਕੇਂਦਰ ਦੇ ਸੇਵਾ ਮੁਕਤ ਵਿਗਿਆਨੀ ਡਾ. ਜੀ.ਐਸ ਰੋਮਾਣਾ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਕਣਕ ਦੀ ਫ਼ਸਲ ਨੂੰ ਅਗਲੇ ਪੂਰੇ ਹਫ਼ਤੇ ਤੱਕ ਪਾਣੀ ਦੇਣ ਤੋਂ ਬਿਲਕੁਲ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਬੇਸ਼ੱਕ ਫ਼ਸਲ ਦੇ ਪੱਕਣ ਦੌਰਾਨ ਉਸ ਨੂੰ ਪਾਣੀ ਦੇਣਾ ਜ਼ਰੂਰੀ ਹੁੰਦਾ ਹੈ,ਪਰ ਇਸ ਵੇਲੇ ਪਾਣੀ ਦੇਣ ਨਾਲ ਕਣਕ ਦੇ ਝਾੜ ਡਿੱਗਣ ਦੀ ਸੰਭਾਵਨਾ ਬਣ ਸਕਦੀ ਹੈ।
ਖੇਤੀ ਮਾਹਿਰਾਂ ਦਾ ਕਹਿਣਾ ਕਿ ਇਸ ਮੀਂਹ ਨਾਲ ਅਗੇਤੀਆਂ ਕਣਕਾਂ ਦੇ ਨਾਲ-ਨਾਲ ਅੱਜ ਆਏ ਭਾਰੀ ਝੱਖੜ ਅਤੇ ਮੀਂਹ ਕਾਰਨ ਪਿਛੇਤੀਆਂ ਕਣਕਾਂ ਵੀ ਡਿੱਗੀਆਂ ਹਨ। ਖੇਤੀ ਮਹਿਕਮੇ ਦੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਮੀਂਹ ਨਾਲ ਜਿੱਥੇ ਕਣਕਾਂ ਡਿੱਗੀਆਂ ਹਨ, ਉਥੇ ਫ਼ਸਲ ਦੇ ਝਾੜ ਦਾ ਮਾੜਾ ਆਸਰ ਪਵੇਗਾ।






