ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ ’ਚ ਮੀਂਹ ਤੇ ਗੜ੍ਹੇਮਾਰੀ ਨਾਲ ਹੋਏ ਨੁਕਸਾਨ ਦੇ ਹਵਾਲੇ ਨਾਲ ਪੰਜਾਬ ਸਰਕਾਰ ਨੂੰ ਫ਼ਸਲ ਬੀਮਾ ਯੋਜਨਾ ਲਾਗੂ ਕਰਨ ਲਈ ਕਿਹਾ ਹੈ। ਜਾਖੜ ਨੇ ਕਿਹਾ ਕਿ ਸੂਬਾ ਸਰਕਾਰ 13 ਅਪਰੈਲ ਨੂੰ ਪੰਜਾਬ ਵਿਧਾਨ ਸਭਾ ਦੇ ਹੋ ਰਹੇ ਵਿਸ਼ੇਸ਼ ਸੈਸ਼ਨ ’ਚ ਕਿਸਾਨਾਂ ਲਈ ਫ਼ਸਲ ਬੀਮਾ ਯੋਜਨਾ ਲਾਗੂ ਕਰਨ ਦਾ ਐਲਾਨ ਕਰੇ। ਜਾਖੜ ਨੇ ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਚਿੱਠੀ ਲਿਖੀ ਹੈ।
ਜਾਖੜ ਨੇ ਕਿਹਾ ਕਿ ਸਮੁੱਚੇ ਦੇਸ਼ ’ਚ ਕੇਂਦਰੀ ਫ਼ਸਲ ਬੀਮਾ ਯੋਜਨਾ ਚੱਲ ਰਹੀ ਹੈ ਅਤੇ ਪੰਜਾਬ ਇਸ ਸਕੀਮ ਤੋਂ ਵਾਂਝਾ ਹੈ ਜਿਸ ਦਾ ਖ਼ਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਮੁੱਖ ਮੰਤਰੀ ਸਕੀਮ ਨੂੰ ਲਾਗੂ ਨਾ ਕਰਕੇ ਕਿਸਾਨੀ ਨਾਲ ਧਰੋਹ ਕਮਾ ਰਹੇ ਹਨ। ਪ੍ਰਧਾਨ ਨੇ ਕਿਹਾ ਕਿ ਸੂਬੇ ’ਚ ਬੇਮੌਸਮੀ ਬਾਰਿਸ਼ ਤੇ ਗੜ੍ਹੇਮਾਰੀ ਨੇ ਵੱਡੇ ਪੱਧਰ ’ਤੇ ਫ਼ਸਲੀ ਨੁਕਸਾਨ ਕੀਤਾ ਹੈ। ਸਾਲ 2023 ਅਤੇ 2025 ਵਿਚ ਹੜ੍ਹਾਂ ਨੇ ਪੰਜਾਬ ਵਿਚ ਵੱਡੀ ਤਬਾਹੀ ਮਚਾਈ ਸੀ।
ਜਾਖੜ ਨੇ ਕਿਹਾ ਕਿ ਕਿੰਨੇ ਹੀ ਕਿਸਾਨਾਂ ਨੂੰ ਤਾਂ ਹਾਲੇ ਤੱਕ ਹੜ੍ਹਾਂ ਨਾਲ ਖ਼ਰਾਬ ਹੋਈ ਫ਼ਸਲ ਦਾ ਮੁਆਵਜ਼ਾ ਵੀ ਨਹੀਂ ਮਿਲਿਆ ਹੈ। ਫ਼ਸਲ ਬੀਮਾ ਯੋਜਨਾ ਦੀ ਗੈਰ ਮੌਜੂਦਗੀ ’ਚ ਕਿਸਾਨਾਂ ਨੂੰ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ। ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੰਨ ਸਾਲ ਪਹਿਲਾਂ ਕੇਂਦਰੀ ਫ਼ਸਲ ਬੀਮਾ ਯੋਜਨਾ ਦੀ ਥਾਂ ’ਤੇ ਸੂਬਾ ਸਰਕਾਰ ਤਰਫ਼ੋਂ ਫ਼ਸਲ ਬੀਮਾ ਯੋਜਨਾ ਲਿਆਉਣ ਦੀ ਗੱਲ ਕਹੀ ਸੀ ਜੋ ਅੱਜ ਤੱਕ ਹਕੀਕਤ ਨਹੀਂ ਬਣ ਸਕੀ।






