ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਧਰਮਪੁਰ ਨੇੜੇ ਨੈਸ਼ਨਲ ਹਾਈਵੇਅ-5 (NH-5) ’ਤੇ ਸ਼ੁੱਕਰਵਾਰ ਸ਼ਾਮ 5 ਵਜੇ ਜ਼ਮੀਨ ਖਿਸਕਣ ਕਾਰਨ ਆਵਾਜਾਈ ਵਿੱਚ ਵੱਡਾ ਵਿਘਨ ਪਿਆ। ਪਰਵਾਣੂ-ਸੋਲਨ ਸੜਕ ਉੱਤੇ ਇੱਕ ਪਹਾੜੀ ਦੀ ਖੁਦਾਈ ਤੋਂ ਨਿਕਲਿਆ ਮਲਬਾ ਅਚਾਨਕ ਹਾਈਵੇਅ ’ਤੇ ਆ ਡਿੱਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਵੱਲੋਂ ਤਾਇਨਾਤ ਕੀਤੀ ਗਈ ਇੱਕ ਨਿੱਜੀ ਕੰਪਨੀ ਪਹਿਲਾਂ ਤੋਂ ਇਕੱਠੇ ਹੋਏ ਮਲਬੇ ਨੂੰ ਹਟਾਉਣ ਦਾ ਕੰਮ ਕਰ ਰਹੀ ਸੀ। ਸਫ਼ਾਈ ਦੇ ਇਸ ਕੰਮ ਦੌਰਾਨ ਪਹਾੜੀ ਦੇ ਉੱਪਰੋਂ ਕੱਚੀ ਮਿੱਟੀ, ਪੱਥਰ ਅਤੇ ਚੱਟਾਨਾਂ ਤੇਜ਼ੀ ਨਾਲ ਸੜਕ ‘ਤੇ ਆ ਡਿੱਗੀਆਂ।
ਹਾਦਸੇ ਤੋਂ ਤੁਰੰਤ ਬਾਅਦ ਪਹਾੜੀ ਨਾਲ ਲੱਗਦੀ ਸੜਕ ਦੀ ਲੇਨ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਗੱਡੀਆਂ ਨੂੰ ਦੂਜੀ ਲੇਨ ਰਾਹੀਂ ਲੰਘਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਕਾਰਨ ਹਾਈਵੇਅ ਦੇ ਦੋਵਾਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਹਾਈਵੇਅ ‘ਤੇ ਜਾਮ ਲੱਗਣ ਕਾਰਨ ਬਹੁਤ ਸਾਰੇ ਚਾਲਕਾਂ ਨੇ ਪਰਵਾਣੂ ਅਤੇ ਚੰਡੀਗੜ੍ਹ ਪਹੁੰਚਣ ਲਈ ਗੜਖਲ-ਜੰਗੇਸ਼ੂ ਵਾਲੇ ਅੰਦਰੂਨੀ ਰਸਤਿਆਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ, ਪਰ ਉੱਥੇ ਵੀ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਵੀਕੈਂਡ (ਹਫ਼ਤੇ ਦੇ ਅੰਤ) ਹੋਣ ਕਾਰਨ ਸੈਲਾਨੀਆਂ ਦੀ ਭਾਰੀ ਆਮਦ ਕਰਕੇ ਇਹ ਇਕਹਿਰੀ ਸੜਕ ਪਹਿਲਾਂ ਹੀ ਕਾਫ਼ੀ ਭੀੜ-ਭੜੱਕੇ ਵਾਲੀ ਸੀ। ਜਦੋਂ ਹਾਈਵੇਅ ਤੋਂ ਗੱਡੀਆਂ ਧਰਮਪੁਰ ਤੋਂ ਗੜਖਲ ਵੱਲ ਮੁੜੀਆਂ ਤਾਂ ਸਥਿਤੀ ਹੋਰ ਵੀ ਗੰਭੀਰ ਹੋ ਗਈ। ਮੌਕੇ ‘ਤੇ ਤਾਇਨਾਤ ਸੀਮਤ ਪੁਲੀਸ ਸਟਾਫ਼ ਲਈ ਇੰਨੀ ਵੱਡੀ ਗਿਣਤੀ ਵਿੱਚ ਗੱਡੀਆਂ ਨੂੰ ਸੰਭਾਲਣਾ ਇੱਕ ਵੱਡੀ ਚੁਣੌਤੀ ਬਣ ਗਿਆ ਹੈ। ਹਾਈਵੇਅ ਤੋਂ ਮਲਬਾ ਹਟਾਉਣ ਅਤੇ ਆਵਾਜਾਈ ਨੂੰ ਪੂਰੀ ਤਰ੍ਹਾਂ ਬਹਾਲ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।






