ਨੂਰਪੁਰ ਪੁਲੀਸ ਨੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਅੰਤਰਰਾਜੀ ਸਰਹੱਦੀ ਖੇਤਰ ਵਿੱਚ ਵੱਡੀ ਸਫਲਤਾ ਹਾਸਲ ਕਰਦਿਆਂ ਦੋ ਨਾਮੀ ਨਸ਼ਾ ਤਸਕਰਾਂ ਨੂੰ 1.210 ਕਿਲੋਗ੍ਰਾਮ ਚਰਸ ਸਮੇਤ ਕਾਬੂ ਕੀਤਾ ਹੈ। ਸੀ.ਆਈ.ਏ. (CIA) ਨੂਰਪੁਰ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਰੇਹਨ ਥਾਣੇ ਅਧੀਨ ਪੈਂਦੇ ਪਿੰਡ ਸਕਰੀ ਨੇੜੇ ਇੱਕ ਆਲਟੋ ਕਾਰ (HP47A-2812) ਨੂੰ ਰੋਕਿਆ। ਤਲਾਸ਼ੀ ਦੌਰਾਨ ਕਾਰ ਸਵਾਰਾਂ ਕੋਲੋਂ ਭਾਰੀ ਮਾਤਰਾ ਵਿੱਚ ਚਰਸ ਬਰਾਮਦ ਹੋਈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਰੋਬਿਨ (33) ਵਾਸੀ ਨੈਣੀਖੁੱਡ ਅਤੇ ਯੂਸਫ਼ (24) ਵਾਸੀ ਚਡਿਆਰਾ (ਦੋਵੇਂ ਜ਼ਿਲ੍ਹਾ ਚੰਬਾ) ਵਜੋਂ ਹੋਈ ਹੈ।
ਐੱਸ.ਪੀ. ਨੂਰਪੁਰ ਕੁਲਭੂਸ਼ਣ ਵਰਮਾ ਨੇ ਦੱਸਿਆ ਕਿ ਪੁਲੀਸ ਨੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਨਸ਼ਾ ਤਸਕਰੀ ਲਈ ਵਰਤੀ ਜਾ ਰਹੀ ਕਾਰ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਯੂਸਫ਼ ਖ਼ਿਲਾਫ਼ ਪਹਿਲਾਂ ਵੀ ਨੂਰਪੁਰ ਥਾਣੇ ਵਿੱਚ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ। ਇਹ ਦੋਵੇਂ ਮੁਲਜ਼ਮ ਚੰਬਾ ਤੋਂ ਚਰਸ ਲਿਆ ਕੇ ਸਥਾਨਕ ਪੱਧਰ ’ਤੇ ਸਪਲਾਈ ਕਰਨ ਦੀ ਤਿਆਰੀ ਵਿੱਚ ਸਨ। ਅੱਜ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਨਸ਼ਾ ਸਪਲਾਈ ਦੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ।






