ਪਾਕਿਸਤਾਨ ਨੇ ਅੱਜ ਦਾਅਵਾ ਕੀਤਾ ਹੈ ਕਿ ਭਾਰਤ ਨੇ ਪਹਿਲਗਾਮ ਦਹਿਸ਼ਤੀ ਹਮਲੇ ਵਿੱਚ ਇਸਲਾਮਾਬਾਦ ਦਾ ਹੱਥ ਹੋਣ ਬਾਰੇ ਕੋਈ ਵੀ “ਠੋਸ ਸਬੂਤ ਜਾਂ ਪ੍ਰਮਾਣ” ਪੇਸ਼ ਨਹੀਂ ਕੀਤਾ ਹੈ। ਇਹ ਬਿਆਨ ਪਹਿਲਗਾਮ ਹਮਲੇ ਦੀ ਪਹਿਲੀ ਬਰਸੀ ਦੇ ਮੌਕੇ ’ਤੇ ਸਾਹਮਣੇ ਆਇਆ ਹੈ।
ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲ੍ਹਾ ਤਰਾਰ ਨੇ ਇੱਕ ਟੈਲੀਵਿਜ਼ਨ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਨੇ ਪਹਿਲਗਾਮ ਘਟਨਾ ਸਬੰਧੀ ਅੱਜ ਤੱਕ ਕੋਈ ਸਬੂਤ ਪੇਸ਼ ਨਹੀਂ ਕੀਤਾ ਹੈ ਅਤੇ ਨਾ ਹੀ ਕੋਈ ਤਸੱਲੀਬਖਸ਼ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਿਨਾਂ ਕਿਸੇ ਜਾਂਚ ਜਾਂ ਪੁੱਛਗਿੱਛ ਦੇ ਤੁਰੰਤ ਪਾਕਿਸਤਾਨ ‘ਤੇ ਦੋਸ਼ ਮੜ੍ਹ ਦਿੱਤੇ ਗਏ, ਜਿਸ ਨੂੰ ਉਨ੍ਹਾਂ ਨੇ “ਬੇਬੁਨਿਆਦ ਅਤੇ ਮਨਘੜਤ ਪ੍ਰਚਾਰ” ਕਰਾਰ ਦਿੱਤਾ।
ਜ਼ਿਕਰਯੋਗ ਹੈ ਕਿ 22 ਅਪਰੈਲ 2025 ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਪਾਕਿਸਤਾਨ ਸਥਿਤ ਅਤਿਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਹਥਿਆਰਬੰਦਾਂ ਨੇ ਸੈਲਾਨੀਆਂ ‘ਤੇ ਗੋਲੀਬਾਰੀ ਕੀਤੀ ਸੀ, ਜਿਸ ਵਿੱਚ 26 ਲੋਕ ਮਾਰੇ ਗਏ ਸਨ। ਇਸ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਦਹਿਸ਼ਤੀ ਢਾਂਚੇ ਨੂੰ ਤਬਾਹ ਕਰਨ ਲਈ ‘ਅਪਰੇਸ਼ਨ ਸਿੰਧੂਰ’ ਸ਼ੁਰੂ ਕੀਤਾ ਸੀ, ਜਿਸ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਥੋੜ੍ਹੇ ਸਮੇਂ ਲਈ ਜੰਗੀ ਟਕਰਾਅ ਵੀ ਹੋਇਆ ਸੀ।
ਪਾਕਿ ਦੇ ਮੰਤਰੀ ਤਰਾਰ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਭਾਰਤ ਵੱਲੋਂ ਕਿਸੇ ਵੀ ਤਰ੍ਹਾਂ ਦੀ ਦੁਬਾਰਾ ਕੋਈ ਕਾਰਵਾਈ (misadventure) ਕੀਤੀ ਗਈ, ਤਾਂ ਉਸ ਦਾ ਮੂੰਹ-ਤੋੜ ਅਤੇ ਤੁਰੰਤ ਜਵਾਬ ਦਿੱਤਾ ਜਾਵੇਗਾ। ਮੌਜੂਦਾ ਹਾਲਾਤ ਵਿੱਚ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਇਰਾਨ ਵਿਚਾਲੇ ਤਣਾਅ ਵਧਿਆ ਹੋਇਆ ਹੈ, ਅਜਿਹੇ ਬਿਆਨ ਖੇਤਰੀ ਸੁਰੱਖਿਆ ਲਈ ਅਹਿਮ ਮੰਨੇ ਜਾ ਰਹੇ ਹਨ।






