ਦੱਖਣੀ ਦਿੱਲੀ ਦੀ ਅਮਰ ਕਲੋਨੀ ਵਿੱਚ ਇੱਕ 22 ਸਾਲਾ ਮਹਿਲਾ ਦੇ ਜਬਰ-ਜਨਾਹ ਅਤੇ ਕਤਲ ਦੀ ਜਾਂਚ ਕਰ ਰਹੀ ਪੁਲੀਸ ਨੇ ਬਹੁਤ ਹੀ ਪਰੇਸ਼ਾਨ ਕਰਨ ਵਾਲੇ ਵੇਰਵੇ ਸਾਂਝੇ ਕੀਤੇ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਹਮਲੇ ਤੋਂ ਬਾਅਦ ਪੀੜਤ ਦੀ ਉਂਗਲ ਦੇ ਨਿਸ਼ਾਨ (ਫਿੰਗਰਪ੍ਰਿੰਟ) ਦੀ ਵਰਤੋਂ ਕਰਕੇ ਇੱਕ ਬਾਇਓਮੈਟ੍ਰਿਕ ਲਾਕਰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਸੀ।
ਪੀੜਤ ਲੜਕੀ, ਜੋ ਕਿ ਇੱਕ IIT ਗ੍ਰੈਜੂਏਟ ਅਤੇ ਸੀਨੀਅਰ IRS ਅਫ਼ਸਰ ਦੀ ਧੀ ਸੀ, 21 ਅਪਰੈਲ ਦੀ ਸਵੇਰ ਨੂੰ ਘਰ ਵਿੱਚ ਇਕੱਲੀ ਸੀ। ਮੁਲਜ਼ਮ ਰਾਹੁਲ ਮੀਨਾ, ਜੋ ਪਹਿਲਾਂ ਘਰੇਲੂ ਨੌਕਰ ਵਜੋਂ ਕੰਮ ਕਰਦਾ ਸੀ, ਘਰ ਵਿੱਚ ਦਾਖਲ ਹੋਇਆ ਅਤੇ ਸਿੱਧਾ ਛੱਤ ‘ਤੇ ਬਣੇ ਸਟੱਡੀ ਰੂਮ ਵਿੱਚ ਚਲਾ ਗਿਆ। ਜਦੋਂ ਪੀੜਤ ਨੇ ਉਸ ਦਾ ਵਿਰੋਧ ਕੀਤਾ, ਤਾਂ ਮੀਨਾ ਨੇ ਉਸ ਦੇ ਸਿਰ ‘ਤੇ ਇੱਕ ਭਾਰੀ ਲੈਂਪ ਨਾਲ ਹਮਲਾ ਕੀਤਾ, ਜਿਸ ਨਾਲ ਉਹ ਬੇਹੋਸ਼ ਹੋ ਗਈ।
ਪੁਲੀਸ ਅਨੁਸਾਰ, ਇਸ ਤੋਂ ਬਾਅਦ ਉਸ ਨੇ ਪੀੜਤ ਨਾਲ ਜਬਰ-ਜਨਾਹ ਕੀਤਾ ਅਤੇ ਫਿਰ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹੇਠਲੀ ਮੰਜ਼ਿਲ ‘ਤੇ ਲਾਕਰ ਕੋਲ ਘਸੀਟ ਕੇ ਲੈ ਗਿਆ। ਜਦੋਂ ਬਾਇਓਮੈਟ੍ਰਿਕ ਸਿਸਟਮ ਨੇ ਖੂਨ ਦੇ ਧੱਬਿਆਂ ਕਾਰਨ ਉਂਗਲ ਦਾ ਨਿਸ਼ਾਨ ਨਹੀਂ ਪਛਾਣਿਆ, ਤਾਂ ਉਸ ਨੇ ਪੇਚਕਸ ਨਾਲ ਲਾਕਰ ਤੋੜ ਕੇ ਨਕਦੀ ਅਤੇ ਗਹਿਣੇ ਚੋਰੀ ਕਰ ਲਏ। ਮੁਲਜ਼ਮ ਨੇ ਫ਼ਰਾਰ ਹੋਣ ਤੋਂ ਪਹਿਲਾਂ ਆਪਣੇ ਖੂਨ ਨਾਲ ਲਿੱਬੜੇ ਕੱਪੜੇ ਅਤੇ ਚੱਪਲਾਂ ਵੀ ਬਦਲ ਲਈਆਂ ਸਨ ਅਤੇ ਹੁਣ ਉਹ ਪੁਲੀਸ ਪੁੱਛਗਿੱਛ ਦੌਰਾਨ ਲਗਾਤਾਰ ਆਪਣੇ ਬਿਆਨ ਬਦਲ ਰਿਹਾ ਹੈ।






