ਕਾਂਗਰਸੀ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੋਮਵਾਰ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਦਾ ਭਾਜਪਾ ਵਿੱਚ ਰਲੇਵਾਂ ਹੋਣਾਂ ਇੱਕ ਖ਼ਤਰਨਾਕ ਮਿਲੀਭੁਗਤ ਨੂੰ ਜੱਗ-ਜ਼ਾਹਰ ਕਰਦਾ ਹੈ।
ਬਾਜਵਾ ਨੇ ਕਿਹਾ ਕਿ ਜਿਸ ਤਰ੍ਹਾਂ ਭਾਜਪਾ ਨੇ ਇਸ ਰਲੇਵੇਂ ਦੀ ਇਜਾਜ਼ਤ ਦਿੱਤੀ, ਉਸ ਤੋਂ ਸਾਫ਼ ਹੈ ਕਿ ਇਹ ਸੰਸਦ ਵਿੱਚ ਆਪਣੀ ਤਾਕਤ ਵਧਾਉਣ ਦੀ ਇੱਕ ਸੋਚੀ-ਸਮਝੀ ਚਾਲ ਹੈ। ਉਨ੍ਹਾਂ ਕਿਹਾ, “ਇਹ ਕੋਈ ਵਿਚਾਰਧਾਰਾਂ ਦੀ ਲੜਾਈ ਨਹੀਂ, ਸਗੋਂ ਸਿਆਸੀ ਮੌਕਾਪ੍ਰਸਤੀ ਦੀ ਸਭ ਤੋਂ ਮਾੜੀ ਮਿਸਾਲ ਹੈ। ਭਾਜਪਾ ਵਿਰੋਧੀ ਧਿਰ ਦੀਆਂ ਆਵਾਜ਼ਾਂ ਨੂੰ ਕਮਜ਼ੋਰ ਕਰਨ ਲਈ ਦਲ-ਬਦਲੀ ਕਰਵਾ ਰਹੀ ਹੈ, ਜਦਕਿ ‘ਆਪ’ ਨੇ ਆਪਣੀ ਮਰਜ਼ੀ ਨਾਲ ਪਾਰਟੀ ਨੂੰ ਖੇਰੂੰ-ਖੇਰੂੰ ਹੋਣ ਦਿੱਤਾ ਹੈ।”
ਉਨ੍ਹਾਂ ਨੇ ‘ਆਪ’ ਲੀਡਰਸ਼ਿਪ ਦੀ ਆਲੋਚਨਾ ਕਰਦਿਆਂ ਕਿਹਾ ਕਿ ਰਾਜ ਸਭਾ ਲਈ ਅਜਿਹੇ ਲੋਕ ਚੁਣੇ ਗਏ ਸਨ ਜਿਨ੍ਹਾਂ ਦਾ ਪੰਜਾਬ ਜਾਂ ਇੱਥੋਂ ਦੇ ਲੋਕਾਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਬਾਜਵਾ ਨੇ ਕਿਹਾ, ”ਆਪ’ ਨੇ ਸੰਸਦ ਵਿੱਚ ਉਹ ਲੋਕ ਭੇਜੇ ਜਿਨ੍ਹਾਂ ਨੂੰ ਪੰਜਾਬੀਆਂ ਦੀ ਭਲਾਈ ਵਿੱਚ ਕੋਈ ਅਸਲ ਦਿਲਚਸਪੀ ਨਹੀਂ ਸੀ। ਅੱਜ ਦੇ ਘਟਨਾਕ੍ਰਮ ਸਾਬਤ ਕਰਦੇ ਹਨ ਕਿ ਇਹ ਸੰਸਦ ਮੈਂਬਰ ਕਦੇ ਵੀ ਪੰਜਾਬ ਪ੍ਰਤੀ ਵਚਨਬੱਧ ਨਹੀਂ ਸਨ, ਬਲਕਿ ਇੱਕ ਵੱਡੀ ਸਿਆਸੀ ਖੇਡ ਵਿੱਚ ਸਿਰਫ਼ ਮੋਹਰੇ ਸਨ।”
ਭਾਜਪਾ ‘ਤੇ ਨਿਸ਼ਾਨਾ ਸੇਧਦੇ ਹੋਏ ਬਾਜਵਾ ਨੇ ਕਿਹਾ ਕਿ ਪਾਰਟੀ ਨੇ ਆਪਣੇ ਸਿਆਸੀ ਮਨੋਰਥਾਂ ਲਈ ਅਤੇ ਦੇਸ਼ ਭਰ ਵਿੱਚ ਵਿਰੋਧੀ ਪਾਰਟੀਆਂ ਨੂੰ ਕਮਜ਼ੋਰ ਕਰਨ ਵਾਸਤੇ ਕੇਂਦਰੀ ਜਾਂਚ ਏਜੰਸੀਆਂ ਦੀ ਜੰਮ ਕੇ ਦੁਰਵਰਤੋਂ ਕੀਤੀ ਹੈ। ਉਨ੍ਹਾਂ ਕਿਹਾ, “ਡਰਾ-ਧਮਕਾ ਕੇ ਅਤੇ ਜ਼ਬਰਦਸਤੀ ਕਰਕੇ, ਭਾਜਪਾ ਨੇ ਆਪਣਾ ਦਾਇਰਾ ਵਧਾਉਣ ਲਈ ਸਰਕਾਰੀ ਸੰਸਥਾਵਾਂ ਨੂੰ ਹਥਿਆਰ ਵਾਂਗ ਵਰਤਿਆ ਹੈ।”
ਪ੍ਰਤਾਪ ਬਾਜਵਾ ਨੇ ਕਿਹਾ ਕਿ ਪੰਜਾਬ ਨੂੰ ਅਜਿਹੀ ਲੀਡਰਸ਼ਿਪ ਦੀ ਲੋੜ ਹੈ ਜੋ ਆਪਣੇ ਲੋਕਾਂ ਨੂੰ ਪਹਿਲ ਦੇਵੇ, ਨਾ ਕਿ ਉਨ੍ਹਾਂ ਪਾਰਟੀਆਂ ਦੀ ਜੋ ਸੂਬੇ ਨੂੰ ਸਿਆਸੀ ਸੌਦੇਬਾਜ਼ੀ ਦਾ ਅਖਾੜਾ ਬਣਾਉਂਦੀਆਂ ਹਨ।






