ਆਸਟਰੇਲੀਆ ਦੀ ਕੌਮੀ ਅਪੰਗ ਬੀਮਾ ਯੋਜਨਾ (ਐਨਡੀਆਈਐਸ) ਇਸ ਵੇਲੇ ਦੇਸ਼ ਦੀ ਸਭ ਤੋਂ ਮਹਿੰਗੀ ਅਤੇ ਚਰਚਿਤ ਭਲਾਈ ਯੋਜਨਾਵਾਂ ਵਿੱਚੋਂ ਇੱਕ ਬਣ ਚੁੱਕੀ ਹੈ। ਤਾਜ਼ਾ ਅੰਕੜਿਆਂ ਮੁਤਾਬਕ, ਇਸ ਦਾ ਸਾਲਾਨਾ ਬਜਟ 40 ਤੋਂ 45 ਅਰਬ ਆਸਟਰੇਲੀਆਈ ਡਾਲਰ ਦੇ ਵਿਚਕਾਰ ਹੈ, ਜੋ ਆਉਣ ਵਾਲੇ ਸਾਲਾਂ ਵਿੱਚ 90 ਅਰਬ ਡਾਲਰ ਦੇ ਨੇੜੇ ਪਹੁੰਚ ਸਕਦਾ ਹੈ।
ਇਸ ਯੋਜਨਾ ਦਾ ਮਕਸਦ ਅਪਾਹਜ ਲੋਕਾਂ ਨੂੰ ਵਿਅਕਤੀਗਤ ਸਹਾਇਤਾ ਦੇਣਾ ਹੈ, ਪਰ ਖਰਚੇ ਵਿੱਚ ਤੇਜ਼ ਵਾਧੇ ਨੇ ਸਰਕਾਰ ਲਈ ਵੱਡੀ ਚੁਣੌਤੀ ਪੈਦਾ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸਪੱਸ਼ਟ ਕੀਤਾ ਹੈ ਕਿ ਸਿਸਟਮ ਨੂੰ ਬਚਾਉਣ ਲਈ ਸੁਧਾਰ ਲਾਜ਼ਮੀ ਹਨ, ਜਿਸ ਵਿੱਚ ਕੁਝ ਲੋਕਾਂ ਨੂੰ ਯੋਜਨਾ ਤੋਂ ਬਾਹਰ ਕਰਨ ਦੇ ਫੈਸਲੇ ਵੀ ਸ਼ਾਮਲ ਹਨ।
ਦਿਲਚਸਪ ਗੱਲ ਇਹ ਹੈ ਕਿ ਸਰਕਾਰੀ ਅੰਕੜਿਆਂ ਅਨੁਸਾਰ ਹਰ ਸਾਲ ਲਗਪਗ ਇੱਕ ਅਰਬ ਡਾਲਰ ਤੱਕ ਦੀ ਰਕਮ ਸ਼ੱਕੀ ਕਲੇਮਾਂ, ਧੋਖਾਧੜੀ ਜਾਂ ਗਲਤ ਵਰਤੋਂ ਨਾਲ ਜੁੜੇ ਹੋਣ ਦਾ ਪਤਾ ਲੱਗਾ ਹੈ। ਫੰਡਾਂ ਦੀ ਗਲਤ ਵਰਤੋਂ ਤੇ ਵੱਧ ਖਰਚ ਦੇ ਦੋਸ਼ ਵੀ ਲੱਗ ਰਹੇ ਹਨ। ਜਿਨ੍ਹਾਂ ’ਚ ਭਾਰਤੀ ਪਿਛੋਕੜ ਵਾਲੇ ਵਿਅਕਤੀ ਵਿਸ਼ੇਸ਼ ਵੀ ਸ਼ੱਕ ਦੇ ਘੇਰੇ ’ਚ ਆਏ ਹਨ।
ਸਰਕਾਰ ਹੁਣ ਸਖ਼ਤ ਨਿਗਰਾਨੀ, ਜਾਂਚ ਅਤੇ ਨਵੇਂ ਨਿਯਮ ਲਾਗੂ ਕਰ ਰਹੀ ਹੈ ਤਾਂ ਜੋ ਅਸਲ ਹੱਕਦਾਰਾਂ ਤੱਕ ਸਹਾਇਤਾ ਪਹੁੰਚੇ। ਉਧਰ, ਸਮਾਜਿਕ ਸੰਸਥਾਵਾਂ ਚੇਤਾਵਨੀ ਦੇ ਰਹੀਆਂ ਹਨ ਕਿ ਕਰੜੇ ਨਿਯਮਾਂ ਕਾਰਨ ਕਈ ਜ਼ਰੂਰਤਮੰਦ ਲੋਕ ਵੀ ਪ੍ਰਭਾਵਿਤ ਹੋ ਸਕਦੇ ਹਨ।






